ਉੱਜੈਨ, 9 ਜੁਲਾਈ – ਉੱਤਰ ਪ੍ਰਦੇਸ਼ ਕਾਨਪੁਰ ਵਿੱਚ ਮੁਕਾਬਲੇ ਦੌਰਾਨ 8 ਪੁਲੀਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੇ ਮੁਖੀ ਦੋਸ਼ੀ ਬਦਮਾਸ਼ ਵਿਕਾਸ ਦੁਬੇ ਨੂੰ ਆਖਰਕਾਰ ਪੁਲਸ ਨੇ ਗ੍ਰਿਫ਼ਤਾਰ ਕਰ ਹੀ ਲਿਆ| ਲੱਗਭਗ 7 ਦਿਨਾਂ ਬਾਅਦ ਵਿਕਾਸ ਦੀ ਗਿਫਤਾਰੀ ਹੋਈ ਹੈ| ਜਿਕਰਯੌਗ ਹੈ ਕਿ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਦੇ ਮਹਾਕਾਲ ਮੰਦਰ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ| ਪੁਲੀਸ ਨੇ ਉਸ ਦੀ ਜਾਣਕਾਰੀ ਦੇਣ ਲਈ 5 ਲੱਖ ਰੁਪਏ ਦਾ ਇਨਾਮ ਰੱਖਿਆ ਸੀ| ਉਸ ਦੀ ਭਾਲ ਵਿੱਚ 60 ਥਾਣਿਆਂ ਦੀਆਂ 100 ਪੁਲੀਸ ਟੀਮਾਂ ਲੱਗੀਆਂ ਹੋਈਆਂ ਸਨ| ਇਸ ਤੋਂ ਪਹਿਲਾਂ ਵਿਕਾਸ ਦੇ ਕਈ ਗੁਰਗਿਆਂ ਨੂੰ ਪੁਲੀਸ ਨੇ ਐਨਕਾਊਂਟਰ ਵਿੱਚ ਢੇਰ ਕੀਤਾ ਅਤੇ ਕਈ ਨੂੰ ਗ੍ਰਿਫ਼ਤਾਰ ਵੀ ਕੀਤੇ ਗਏ ਹਨ|
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਨਕਾਊਂਟਰ ਤੋਂ ਬਚਣ ਲਈ ਵਿਕਾਸ ਦੁਬੇ ਨੇ ਉੱਜੈਨ ਵਿੱਚ ਆਤਮਸਮਰਪਣ ਕੀਤਾ ਹੈ| ਆਤਮਸਮਰਪਣ ਦੀ ਖ਼ਬਰ ਤੋਂ ਬਾਅਦ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ ਦੀ ਟੀਮ ਉਜੈਨ ਰਵਾਨਾ ਹੋ ਗਈ ਹੈ| ਵਿਕਾਸ ਦੁਬੇ ਲਗਾਤਾਰ ਪੁਲੀਸ ਨੂੰ ਚਕਮਾ ਦੇ ਰਿਹਾ ਸੀ| ਉਸ ਨੇ ਉੱਜੈਨ ਦੇ ਮਹਾਕਾਲ ਮੰਦਰ ਵਿੱਚ ਸੁਰੱਖਿਆ ਗਾਰਡ ਨੂੰ ਆਪਣੀ ਪਛਾਣ ਦੱਸੀ ਅਤੇ ਫਿਰ ਉਸ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ| ਇਸ ਤੋਂ ਪਹਿਲਾਂ ਹੀ ਅੱਜ ਸਵੇਰੇ ਐਨਕਾਊਂਟਰ ਵਿਚ ਪੁਲੀਸ ਨੇ ਵਿਕਾਸ ਦੁਬੇ ਦੇ ਦੋ ਹੋਰ ਸਾਥੀਆਂ ਨੂੰ ਢੇਰ ਕਰ ਦਿੱਤਾ| ਕਾਨਪੁਰ ਵਿੱਚ ਪ੍ਰਭਾਤ ਮਿਸ਼ਰਾ ਅਤੇ ਇਟਾਵਾ ਵਿੱਚ ਬਦਮਾਸ਼ ਪ੍ਰਵੀਣ ਉਰਫ ਬਉਅਨ ਪੁਲੀਸ ਮੁਕਾਬਲੇ ਦੌਰਾਨ ਢੇਰ ਹੋ ਗਏ|
ਓਧਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬਦਮਾਸ਼ ਵਿਕਾਸ ਦੁਬੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ| ਉਨ੍ਹਾਂ ਨੇ ਵਿਕਾਸ ਗ੍ਰਿਫਤਾਰੀ ਤੋਂ ਬਾਅਦ ਸਥਾਨਕ ਪੁਲੀਸ ਦੀ ਕਸਟਡੀ ਵਿਚ ਹੈ| ਕਾਨਪੁਰ ਕਤਲਕਾਂਡ ਤੋਂ ਬਾਅਦ ਹੀ ਪੂਰੀ ਮੱਧ ਪ੍ਰਦੇਸ਼ ਪੁਲੀਸ ਨੂੰ ਅਲਰਟ ਤੇ ਰੱਖਿਆ ਗਿਆ ਸੀ| ਜਿਕਰਯੋਗ ਹੈ ਕਿ ਵਿਕਾਸ ਦੁਬੇ ਨੇ ਬੀਤੀ 2-3 ਜੁਲਾਈ ਦੀ ਮੱਧ ਰਾਤ ਨੂੰ ਕਾਨਪੁਰ ਦੇ ਬਿਕਰੂ ਪਿੰਡ ਵਿੱਚ ਦਬਿਸ਼ ਕਰਨ ਗਈ ਪੁਲੀਸ ਟੀਮ ਤੇ ਆਪਣੇ ਗੁਰਗਿਆਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 8 ਪੁਲੀਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ| ਮੌਕੇ ਤੋਂ ਵਿਕਾਸ ਦੁਬੇ ਅਤੇ ਉਸ ਦੇ ਸਾਥੀ ਫਰਾਰ ਹੋ ਗਏ ਸਨ|