ਸ਼੍ਰੀਨਗਰ, 9 ਜੁਲਾਈ-ਜੰਮੂ-ਕਸ਼ਮੀਰ ਵਿੱਚ ਕਸ਼ਮੀਰ ਖੇਤਰ ਦੀ ਪੁਲੀਸ ਇੰਸੈਪਕਟਰ ਜਨਰਲ ਵਿਜੇ ਕੁਮਾਰ ਨੇ ਸਵੀਕਾਰ ਕੀਤਾ ਹੈ ਕਿ ਸੁਰੱਖਿਆ ਵਿਵਸਥਾ ਵਿੱਚ ਲਾਪਰਵਾਹੀ ਕਾਰਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਵਸੀਮ ਬਾਰੀ, ਉਨ੍ਹਾਂ ਦੇ ਪਿਤਾ ਵਸੀਮ ਅਹਿਮਦ ਅਤੇ ਉਨ੍ਹਾਂ ਦੇ ਭਰਾ ਉਮਰ ਬਸ਼ੀਰ ਦਾ ਕਤਲ ਹੋਇਆ| ਕੁਮਾਰ ਨੇ ਸਵੀਕਾਰ ਕੀਤਾ ਕਿ ਸੁਰੱਖਿਆ ਵਿਵਸਥਾ ਵਿੱਚ ਲਾਪਰਵਾਹੀ ਹੋਈ ਅਤੇ ਦੱਸਿਆ ਕਿ ਭਾਜਪਾ ਨੇਤਾ ਦੀ ਸੁਰੱਖਿਆ ‘ਵਿੱਚ ਤਾਇਨਾਤ 10 ਪੁਲੀਸ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਜਿਕਰਯੋਗ ਹੈ ਕਿ 38 ਸਾਲਾ ਭਾਜਪਾ ਨੇਤਾ ਵਸੀਮ, ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਭਰਾ ਦਾ ਅੱਤਵਾਦੀਆਂ ਨੇ ਬੀਤੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ| ਇਸ ਵਾਰਦਾਤ ਦੇ ਸਮੇਂ ਇਹ ਲੋਕ ਘਰ ਨਾਲ ਲੱਗਦੀ ਦੁਕਾਨ ਤੇ ਬੈਠੇ ਹੋਏ ਸਨ| ਇਸ ਵਾਰਦਾਤ ਦੇ ਸਮੇਂ ਇਨ੍ਹਾਂ ਲੋਕਾਂ ਲੋਕ ਇਕ ਵੀ ਪੁਲੀਸ ਮੁਲਾਜ਼ਮ ਤਾਇਨਾਤ ਨਹੀਂ ਸੀ, ਜਿਸ ਕਾਰਨ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੌੜਨ ਵਿੱਚ ਕਾਮਯਾਬ ਹੋ ਗਏ| ਬਾਰੀ ਇਕ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਦੇ ਹੱਕਦਾਰ ਸਨਪਰ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰਾ ਹੋਣ ਕਾਰਨ ਉਨ੍ਹਾਂ ਦੀ ਸੁਰੱਖਿਆ ਵਿੱਚ 2 ਪੀ.ਐਸ.ਓ. ਲਗਾਏ ਗਏ ਸਨ| ਇਸ ਤੋਂ ਇਲਾਵਾ ਪੁਲੀਸ ਦੀ ਕਰਮਚਾਰੀ ਬਰਾਂਚ ਦੇ 8 ਕਰਮੀ ਵੀ ਉਨ੍ਹਾਂ ਦੀ ਸੁਰੱਖਿਆ ਲਈ ਸਨ|