ਬਠਿੰਡਾ, 12 ਨਵੰਬਰ 2024: ਬੀਤੀ ਦੇਰ ਸ਼ਾਮ ਬਠਿੰਡਾ ਜਿਲ੍ਹੇ ਦੇ ਪਿੰਡ ਰਾਏਕੇ ਕਲਾਂ ’ਚ ਕਿਸਾਨਾਂ ਵੱਲੋਂ ਬੰਦੀ ਬਣਾਏ ਅਫਸਰਾਂ ਨੂੰ ਛੁਡਾਉਣ ਵਕਤ ਪੁਲਿਸ ਅਤੇ ਕਿਸਾਨਾਂ ਵਿਚਕਾਰ ਹੋਈਆਂ ਝੜਪਾਂ ਨੂੰ ਲੈਕੇ ਥਾਣਾ ਨੰਦਗੜ੍ਹ ਪੁਲਿਸ ਨੇ 4 ਮੋਹਰੀ ਕਿਸਾਨ ਆਗੂਆਂ ਅਤੇ 30-40 ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਨੰਦਗੜ੍ਹ ਪੁਲਿਸ ਨੇ ਇਸ ਮਾਮਲੇ ’ਚ ਪਨਗਰੇਨ ਦੇ ਖਰੀਦ ਇੰਸਪੈਕਟਰ ਰਾਜਬੀਰ ਸਿੰਘ ਦੀ ਸ਼ਕਾਇਤ ਦੇ ਅਧਾਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਜਗਸੀਰ ਸਿੰਘ ਝੁੰਬਾ, ਰਾਮ ਸਿੰਘ ਤੇ ਗੋਰਾ ਸਿੰਘ ਵਾਸੀਅਨ ਕੋਟਗੁਰੂ ਅਤੇ ਅਜੇਪਾਲ ਸਿੰਘ ਵਾਸੀ ਘੁੱਦਾ ਨੂੰ ਬੀਐਨਐਸ ਦੀ ਧਾਰਾ 220,132,127(2),191 (3) ,190 ਤਹਿਤ ਨਾਮਜਦ ਕੀਤਾ ਹੈ। ਸ਼ਿਕਾਇਤ ’ਚ ਦੱਸਿਆ ਹੈ ਕਿ ਉਹ 11 ਨਵੰਬਰ ਨੂੰ ਪਿੰਡ ਰਾਏਕੇ ਕਲਾਂ ਵਿਖੇ ਲਿਫਟਿੰਗ ਅਤੇ ਬਾਰਦਾਨੇ ਦਾ ਆੜ੍ਹਤੀਆਂ ਨਾਲ ਮਿਲਾਨ ਕਰ ਰਿਹਾ ਸੀ ਤਾਂ ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਸ ਨੂੰ ਬੰਦੀ ਬਣਾ ਲਿਆ।
ਸ਼ਿਕਾਇਤ ’ਚ ਇਹ ਵੀ ਦੱਸਿਆ ਕਿ ਇਹ ਲੋਕ ਉਸ ਤੇ ਸਾਰੇ ਝੋਨੇ ਦੀ ਖਰੀਦ ਕਰਨ ਦਾ ਦਬਾਅ ਬਣਾ ਰਹੇ ਸਨ। ਕਿਸਾਨਾਂ ਨੇ ਇਸ ਮੌਕੇ ਉਸ ਤੋਂ ਇਲਾਵਾ ਪਨਸਪ ਦੇ ਇੰਸਪੈਕਟਰ ਨਵਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਬਠਿੰਡਾ ਵਿਪਨ ਸ਼ਰਮਾ ਨੂੰ ਵੀ ਬੰਦੀ ਬਣਾ ਲਿਆ। ਪੁਲਿਸ ਅਨੁਸਾਰ ਇਸ ਮਾਮਲੇ ’ਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਪਿੰਡ ਰਾਏਕੇ ਕਲਾਂ ਦੀ ਅਨਾਜ ਮੰਡੀ ’ਚ ਬੀਤੀ ਦੇਰ ਸ਼ਾਮ ਕਿਸਾਨਾਂ ਨੇ ਝੋਨੇ ਦੀ ਢੁੱਕਵੀਂ ਖਰੀਦ ਨਾਂ ਹੋਣ ਨੂੰ ਲੈਕੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਖਰੀਦ ਇੰਸਪੈਕਟਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ, ਜਗਦੇਵ ਜੋਗੇਵਾਲਾ, ਰਾਮ ਸਿੰਘ ਕੋਟਗੁਰੂ ਦੀ ਅਗਵਾਈ ਹੇਠ ਕਿਸਾਨਾਂ ਨੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਘਿਰਾਓ ਕਰ ਲਿਆ ਅਤੇ ਜਬਰਦਸਤ ਨਾਅਰੇਬਾਜੀ ਸ਼ੁਰੂ ਕਰ ਦਿੱਤੀ।