ਬਠਿੰਡਾ, 16 ਅਕਤੂਬਰ2024: ਬਠਿੰਡਾ ਜਿਲ੍ਹੇ ’ਚ ਅਪਰਾਧਾਂ ਦੇ ਮਾਮਲੇ ’ਚ ਦੋ ਦਿਨ ਲਗਾਤਾਰ ਠੰਢ ਰਹਿਣ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਨੇ ਚੋਣ ਅਮਲ ’ਚ ਵਿਘਨ ਪਾਉਣ ਅਤੇ ਦੰਗਾ ਕਰਨ ਨੂੰ ਲੈਕੇ ਤਿੰਨ ਮੁਕੱਦਮੇ ਦਰਜ ਕੀਤੇ ਹਨ। ਐੱਸ.ਐੱਸ.ਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਚਾਇਤੀ ਚੋਣਾਂ ਦੇ ਮੱਦੇਨਜਰ ਜਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਮਾੜੇ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਜਿਲ੍ਹਾ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵੱਲੋਂ 3 ਮੁਕੱਦਮੇ ਦਰਜ ਕੀਤੇ ਗਏ ਹਨ। ਇੰਨ੍ਹਾਂ ’ਚ ਥਾਣਾ ਸਦਰ ਬਠਿੰਡਾ ਅਤੇ ਥਾਣਾ ਨਥਾਣਾ ਵਿਖੇ ਅਣਪਛਾਤਿਆਂ ਵਿਰੁੱਧ 1-1 ਅਤੇ 1 ਥਾਣਾ ਦਿਆਲਪੁਰਾ ਵਿਖੇ 8 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਬਠਿੰਡਾ ਜਿਲ੍ਹੇ ਦੇ ਅਧੀਨ ਪਿੰਡ ਭੋਡੀਪੁਰਾ ਥਾਣਾ ਦਿਆਲਪੁਰਾ, ਪਿੰਡ ਨਰੂਆਣਾ ਥਾਣਾ ਸਦਰ ਬਠਿੰਡਾ ਅਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਥਾਣਾ ਨਥਾਣਾ ਵਿਖੇ ਪੰਚਾਇਤੀ ਚੋਣਾਂ ਦੀ ਗਿਣਤੀ ਮੌਕੇ ਸ਼ਰਾਰਤੀ ਅਨਸਰਾਂ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਚੋਣ ਅਮਲੇ ’ਤੇ ਹਮਲਾ ਕੀਤਾ। ਇਸ ਮੌਕੇ ਬਠਿੰਡਾ ਪੁਲਿਸ ਨੇ ਸਖਤੀ ਨਾਲ ਚੋਣ ਅਮਲ ਨੂੰ ਮੁਕੰਮਲ ਕਰਵਾਇਆ। ਇਸ ਦੌਰਾਨ ਕੁੱਝ ਲੋਕਾਂ ਅਤੇ ਸ਼ਰਾਰਤੀ ਅਨਸਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾਂ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਦਿਆਂ ਪੁਲਿਸ ਪ੍ਰਸ਼ਾਸ਼ਨ ਅਤੇ ਚੋਣ ਅਮਲੇ ਨਾਲ ਹੱਥੋਪਾਈ ਕੀਤੀ। ਇਸ ਮੌਕੇ ਪੁਲਿਸ ਅਮਲੇ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਟਾਂ-ਰੋੜਿਆਂ ਨਾਲ ਪੁਲਿਸ ਤੇ ਹਮਲਾ ਵੀ ਕੀਤਾ ਗਿਆ।