ਚੰਡੀਗੜ੍ਹ, 3 ਸਤੰਬਰ 2024: ਚੰਡੀਗੜ੍ਹ ਦੀ ਧਰਤੀ ਮੁੜ ਜੰਗ ਦਾ ਅਖਾੜਾ ਬਣੀ ਹੈ ਜਿੱਥੇ ਕਿਸਾਨਾਂ ਮਜਦੂਰਾਂ ਦੇ ਨਾਅਰੇ ਗੂੰਜ ਰਹੇ ਹਨ। ਸਿਟੀ ਬਿਊਟੀਫੁੱਲ ਵਜੋਂ ਜਾਣੇ ਜਾਂਦੇ ਸ਼ਹਿਰ ’ਚ ਲੋਕ ਤਾਕਤ ਦਾ ਯੱਕ ਬੱਝਿਆ ਹੈ। ਇਸ ਮੌਕੇ ਹੋਏ ਵੱਡੇ ਇਕੱਠ ਨੇ ਮੁੱਕੇ ਤਾਣੇ ਅਤੇ ਐਲਾਨ ਕੀਤਾ ਕਿ ਵਕਤ ਦੇ ‘ਹਾਕਮਾਂ’ ਖਿਲਾਫ ਮੰਗਾਂ ਦੀ ਪ੍ਰਾਪਤੀ ਤੱਕ ਜੰਗ ਜਾਰੀ ਰਹੇਗੀ। ਸਭ ਤੋਂ ਵੱਡਾ ਮਾਮਲਾ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਲਾਗੂ ਕਰਵਾਉਣ ਦਾ ਹੈ। ਠੀਕ 15 ਸਾਲ ਪਹਿਲਾਂ ਚੰਡੀਗੜ੍ਹ ’ਚ ਉਦੋਂ ਲੋਕਾਂ ਦਾ ਤੂਫਾਨ ਉੱਠਿਆ ਸੀ ਜਦੋਂ ਤੱਤਕਾਲੀ ਗਠਜੋੜ ਸਰਕਾਰ ਨੇ ਪੰਜਾਬ ਰਾਜ ਬਿਜਲੀ ਬੋਰਡ ਦਾ ਭੋਗ ਪਾਉਣ ਦੀ ਤਿਆਰੀ ਖਿੱਚੀ ਸੀ। ਉਸ ਵਕਤ ਅਜਿਹੇ ਨਾਅਰੇ ਗੂੰਜੇ ਜਿੰਨ੍ਹਾਂ ਨੇ ਸਰਕਾਰਾਂ ਹਿਲਾ ਦਿੱਤੀਆਂ ਸਨ।