ਚੰਡੀਗੜ੍ਹ, 6 ਅਗਸਤ, 2024: ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਚੰਡੀਗੜ੍ਹ ਦੇ ਵੱਖ–ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਵੱਖ–ਵੱਖ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਏ। ਇਨ੍ਹਾਂ ਸਾਰੇ ਲੋਕਾਂ ਨੂੰ ਪੰਜਾਬ ਦੇ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਆਪ ਵਿੱਚ ਸ਼ਾਮਿਲ ਕਰਵਾਇਆ ਗਿਆ। ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਆਪ ਚੰਡੀਗੜ੍ਹ ਦੇ ਕੋ–ਇੰਚਾਰਜ ਡਾ. ਐਸ.ਐਸ. ਆਹਲੂਵਾਲੀਆ ਨੇ ਆਪ ਵਿੱਚ ਸ਼ਾਮਿਲ ਹੋਣ ਤੇ ਇਨ੍ਹਾਂ ਸਾਰੇ ਲੋਕਾਂ ਦਾ ਸੁਆਗਤ ਕੀਤਾ। ਇਸ ਦੌਰਾਨ ਆਪ ਦੇ ਸੀਨੀਅਰ ਆਗੂ ਡਾ. ਹਰਮੀਤ ਸਿੰਘ, ਆਪ ਦੇ ਬੁਲਾਰੇ ਗੋਵਿੰਦਰ ਮਿੱਤਲ, ਆਪ ਆਗੂ ਸ਼ਕੀਲ ਮੁਹੰਮਦ ਅਤੇ ਮਮਤਾ ਕੈਂਥ ਵੀ ਮੌਜੂਦ ਰਹੇ।
ਆਪ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਮਨੀਮਾਜਰਾ ਤੋਂ ਅਮਨਪ੍ਰੀਤ ਸਿੰਘ ਦੁਆ, ਅਕਾਸ਼ ਸਿਆਲ, ਕੁਨਾਲ ਸ਼ਰਮਾਂ, ਸਿਰਜ ਖਾਨ, ਕਜਹੇੜੀ ਪਿੰਡ ਤੋਂ ਜਸਬੀਰ ਸਿੰਘ, ਇਮਰਾਨ ਖਾਨ, ਅਰਮਾਨ ਖਾਨ, ਜਹੀਨ ਖਾਨ, ਮੌਸਿਮ ਖਾਨ, ਦਿਲਬਰ ਖਾਨ, ਰਹਿਨੁਮਾ ਖਾਨ, ਹਾਜੀ ਰਹਿਮਾਤੁਲਾ, ਸੁਰੇਸ਼ ਗੋਇਲ, ਰਾਜ ਕੌਰ, ਵਿਸ਼ਾਲ ਕੁਮਾਰ, ਆਸ਼ੂ, ਹਨੀਫ਼ ਮੁਹੰਮਦ, ਗੁਲਸ਼ਨਾ ਬੇਗਮ, ਰਾਹੁਲ ਸ਼ਰਮਾਂ ਅਤੇ ਸੈਕਟਰ 52 ਤੋਂ ਸੌਰਵ ਅਤੇ ਰਾਮ ਚੰਦਰ, ਸੈਕਟਰ 56 ਤੋਂ ਰਾਣੀ ਅਤੇ ਸੈਕਟਰ 29 ਤੋਂ ਗੁਰਪ੍ਰੀਤ ਸਿੰਘ ਸ਼ਾਮਿਲ ਹਨ।
ਇਸ ਮੌਕੇ ਉਤੇ ਆਪ ਵਿੱਚ ਸ਼ਾਮਿਲ ਹੋਣ ਤੇ ਅਮਨਪ੍ਰੀਤ ਸਿੰਘ ਦੁਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਜਿਸ ਕਰਕੇ ਅੱਜ ਉਹ ਆਪ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਲੋਕ ਭਲਾਈ ਦੇ ਕੰਮ ਕੀਤੇ ਹਨ। ਪੰਜਾਬ ਅੰਦਰ ਬਿਨ੍ਹਾਂ ਕਿਸੇ ਸਿਫਾਰਿਸ ਅਤੇ ਰਿਸਵਤ ਦੇ 43,000 ਤੋਂ ਵੱਧ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਗਈਆਂ ਹਨ। ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਸਿਖਿਆ ਖੇਤਰ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਆਪ ਵਿੱਚ ਸ਼ਾਮਿਲ ਹੋਏ ਹਨੀਫ਼ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਦੇ ਕੰਮਾਂ ਨੂੰ ਬਹੁਤ ਬਰੀਕੀ ਦੇ ਨਾਲ ਦੇਖਿਆ ਹੈ, ਕਿਸੇ ਵੀ ਪਾਰਟੀ ਵਲੋਂ ਆਮ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਇਕੱਲੀ ਪਾਰਟੀ ਹੈ, ਜਿਸਦੇ ਰਾਜ ਵਿੱਚ ਆਮ ਲੋਕਾਂ ਦੀ ਸੁਣਵਾਈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕੰਮ ਹੋ ਰਹੇ ਹਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਉਹ ਕੰਮ ਕੀਤੇ ਹਨ, ਜੋ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ ਸਨ। ਦਿੱਲੀ ਦੇ ਸਿਖਿਆ ਮਾਡਲ ਦੀ ਪੂਰੀ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ। ਪਿਛਲੇ ਸਮੇਂ ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜੇ ਆਏ, ਜਿਸਦਾ ਸਿਹਰਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਂਦਾ ਹੈ।