ਫਾਜ਼ਿਲਕਾ,31 ਜੁਲਾਈ 2024- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋ ਜ਼ਿਲ੍ਹਾ ਐਨੀਮਲ ਵੇਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ। ਇਹ ਜਾਣਕਾਰੀ ਨਗਰ ਕੌਂਸਲ ਫਾਜਿਲਕਾ ਦੇ ਕਾਰਜਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਦਿੱਤੀ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 200 ਗਉਵੰਸ਼ ਨੂੰ ਗਉਸ਼ਾਲਾ ਵਿਖੇ ਭੇਜਿਆ ਗਿਆ।
ਉਨ੍ਹਾਂ ਦੱਸਿਆ ਕਿ 200 ਬੇਸਹਾਰਾ ਗਉਵੰਸ਼ ਵਿਚੋਂ 178 ਗਉਵੰਸ਼ ਨੂੰ ਸਰਕਾਰੀ ਗਉਸ਼ਾਲਾ ਸਲੇਮਸ਼ਾਹ ਵਿਖੇ ਅਤੇ 22 ਪਸ਼ੂਆਂ ਨੂੰ ਪਿੰਡ ਸਾਬੂਆਣਾ ਵਿਖੇ ਬਣੀ ਗਉਸ਼ਾਲਾ ਵਿਖੇ ਭੇਜਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੁੱਕ ਕੇ ਗਉਸ਼ਾਲਾਵਾਂ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਭੇਜਣ ਦੀ ਮੁਹਿੰਮ ਪਹਿਲਾਂ ਵੀ ਚਲਾਈ ਗਈ ਹੈ ਤੇ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੇਸਹਾਰਾ ਗਉਵੰਸ਼ ਨੂੰ ਗਉਸ਼ਾਲਾ ਵਿਖੇ ਭੇਜਣ ਨਾਲ ਜਿਥੇ ਇਨ੍ਹਾਂ ਦੀ ਸੰਭਾਲ ਹੋ ਸਕੇਗੀ ਉਥੇ ਸੜਕਾਂ *ਤੇ ਘੁੰਮਣ ਨਾਲ ਕਿਸੇ ਦੀ ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਮੁਹਿੰਮ ਦੌਰਾਨ ਗਉਵੰਸ਼ ਨੂੰ ਡੀ.ਐਸ.ਪੀ. ਚੌਂਕ, ਬੈਂਕ ਕਲੋਨੀ, ਡੀ.ਸੀ. ਕੰਪਲੈਕਸ, ਟੀ.ਵੀ. ਟਾਵਰ ਕਲੋਨੀ, ਰਾਧਾ ਸਵਾਮੀ ਕਲੋਨੀ, ਐਮ.ਸੀ. ਕਲੋਨੀ, ਬਾਰਡਰ ਰੋਡ, ਡੈਡ ਰੋਡ, ਫਿਰੋਜਪੁਰ ਰੋਡ, ਐਮ.ਆਰ. ਕਾਲਜ ਰੋਡ, ਵਾਨ ਬਜਾਰ, ਨਵੀ ਆਬਾਦੀ, ਮਦਨ ਗੋਪਾਲ ਰੋਡ, ਬੀਕਾਨੇਰੀ ਰੋਡ, ਡੀ.ਏ.ਵੀ. ਕਾਲਜ ਰੋਡ, ਸਿਵਲ ਲਾਈਨ ਆਦਿ ਵੱਖ—ਵੱਖ ਏਰੀਆ ਵਿਚੋਂ ਗਉਵੰਸ਼ ਚੁਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫਾਜਿਲਕਾ ਦੇ ਸੁਪਰਡੰਟ ਸ੍ਰੀ ਨਰੇਸ਼ ਖੇੜਾ ਅਤੇ ਸਲੇਮਸ਼ਾਹ ਗਉਸ਼ਾਲਾ ਦੇ ਕੇਅਰ ਟੇਕਰ ਸੋਨੂ ਕੁਮਾਰ ਦੀ ਅਗਵਾਈ ਹੇਠ ਟੀਮ ਵੱਲੋਂ ਗਉਸ਼ਾਲਾ ਵਿਖੇ ਸ਼ਿਫਟ ਕੀਤਾ ਗਿਆ ਹੈ।