ਜੈਤੋ,2 ਜੁਲਾਈ 2024- ਸਮੁੱਚੀ ਦੁਨੀਆਂ ਵਿੱਚ ਭਿਆਨਕ ਬਿਮਾਰੀ ਦੇ ਰੂਪ ਵਿੱਚ ਅੱਗੇ ਵਧ ਰਹੀ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨੂੰ ਠੱਲ੍ਹ ਪਾਉਣ ਲਈ ‘ ਕੁਲਵੰਤ ਸਿੰਘ ਧਾਲੀਵਾਲ ‘ ਦੀ ਅਗਵਾਈ ਵਿੱਚ ਐਸ ਬੀ ਆਈ ਕਾਰਡ ਦੇ ਸਹਿਯੋਗ ਨਾਲ ਵੱਖ ਵੱਖ ਥਾਵਾਂ ‘ਤੇ ਲਗਾਤਾਰ ਕੈਂਸਰ ਦੀ ਜਾਂਚ ਨੂੰ ਲੈ ਕੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਅਧੀਨ 5 ਜੁਲਾਈ ਦਿਨ ਸ਼ੁੱਕਰਵਾਰ ਨੂੰ ਪਿੰਡ ਦਬੜ੍ਹੀਖਾਨਾ ਦੇ ਗੁਰਦੁਆਰਾ ਹਰਗੋਬਿੰਦ ਸਾਹਿਬ ਵਿਖੇ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਕੈਂਸਰ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਸ਼ੂਗਰ, ਬਲੱਡ ਪ੍ਰੈਸਰ, ਡਾਕਟਰੀ ਜਾਂਚ ਅਤੇ ਸਲਾਹ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ ਸਮੇਅਰ ਟੈਸਟ, ਪੁਰਸ਼ਾਂ ਦੇ ਗਦੂਦਾਂ ਦੇ ਕੈਂਸਰ ਜਾਂਚ ਸਬੰਧੀ ਪੀ ਐਸ ਏ ਟੈਸਟ, ਬਲੱਡ ਕੈਂਸਰ ਦੀ ਜਾਂਚ ਲਈ ਟੈਸਟ, ਮੂੰਹ,ਗਲੇ ਅਤੇ ਹੱਡੀਆਂ ਦੀ ਜਾਂਚ ਲਈ ਵੱਖ ਵੱਖ ਟੈਸਟ ਅਤੇ ਨਾਲ ਹੀ ਜਨਰਲ ਦਵਾਈਆਂ ਵੀ ਮੁਹੱਈਆ ਹੋਣਗੀਆਂ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਜਸਵਿੰਦਰ ਸਿੰਘ ਨੇ ਨਗਰ ਨਿਵਾਸੀਆਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਸ਼ਾਮਿਲ ਹੁੰਦਿਆਂ ਵੱਧ ਤੋਂ ਵੱਧ ਟੈਸਟ ਕਰਵਾਉਂਦਿਆਂ ਆਪਣੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।