ਫਾਜ਼ਿਲਕਾ, 7 ਜੁਲਾਈ-ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੋਵਿਡ-19 ਦੀ ਜਾਂਚ ਪ੍ਰਕਿਰਿਆ ਅਤੇ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਗਤੀਵਿਧੀਆਂ ਨੂੰ ਲੈ ਕੇ ਸਿਹਤ ਵਿਭਾਗ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸ. ਸੰਧੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਸ਼ਨ ਫਤਿਹ ਮੁਹਿੰਮ ਦੀਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜੀ ਲਿਆਉਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਹਰੇਕ ਸਬ ਡਵੀਜ਼ਨ ਪੱਧਰ ‘ਤੇ ਕੋਵਿਡ ਦੀ ਸਾਵਧਾਨੀਆਂ ਬਾਰੇ ਉਲੀਕੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਸਬੰਧਤ ਐਸ.ਡੀ.ਐਮ. ਅਤੇ ਤਹਿਸੀਲਦਾਰ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ, ਸਬ ਡਵੀਜ਼ਨ ਹਸਪਤਾਲ ਅਬੋਹਰ, ਸਿਵਲ ਹਸਪਤਾਲ ਜਲਾਲਾਬਾਦ, ਕਮਿਉਨਿਟੀ ਹੈਲਥ ਸੈਂਟਰ ਡਬਵਾਲਾ ਕਲਾਂ, ਖੂਈ ਖੇੜਾ, ਰਾਮਸਰਾ, ਸੀਤੋ ਗੁਨੋ ਅਤੇ ਜੰਡਵਾਲਾ ਭੀਮੇਸ਼ਾਹ ਵਿਖੇ ਕੋਵਿਡ ਦੇ ਟੈਸਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਖਾਂਸੀ, ਜੁਕਾਮ, ਗਲਾ ਖਰਾਬ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਵੇ ਤਾਂ ਤੁਰੰਤ ਡਾਕਟਰ ਜਾਂ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਆਪਣੀ ਮੁੱਢਲੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜ਼ਿਲੇ ਅੰਦਰ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਸ. ਸੰਧੂ ਨੂੰ ਦੱਸਿਆ ਕਿ ਜ਼ਿਲੇ ਦੇ ਮੌਜੂਦਾ 26 ਐਕਟਿਵ ਪਾਜੀਟਿਵ ਕੇਸਾਂ ਵਿੱਚ ਸਿਵਲ ਹਸਪਤਾਲ ਜਲਾਲਾਬਾਦ ਵਿਖੇ 7, ਫਰੰਟੀਅਰ ਹਸਪਤਾਲ ਜਲੰਧਰ ਵਿਖੇ 17, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ 1 ਤੇ ਆਰਮੀ ਕੈਂਟ ਅਬੋਹਰ 1 ਮਰੀਜ ਇਲਾਜ ਅਧੀਨ ਹਨ। ਉਨਾਂ ਦੱਸਿਆ ਕਿ ਇਲਾਜ ਅਧੀਨ ਐਕਟਿਵ ਕੇਸ ਪਹਿਲਾਂ ਤੋਂ ਬਿਹਤਰ ਸਥਿਤੀ ਵਿੱਚ ਹਨ। ਉਨਾਂ ਦੱਸਿਆ ਕਿ ਹੁਣ ਤੱਕ 78 ਲੋਕਾਂ ਨੇ ਕਰੋਨਾ ‘ਤੇ ਫਤਿਹ ਪਾ ਕੇ ਆਪਣੇ ਘਰਾਂ ਨੂੰ ਵਾਪਸੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਐਸ.ਡੀ.ਐਮ. ਫ਼ਾਜ਼ਿਲਕਾ ਕੇਸ਼ਵ ਗੋਇਲ, ਸ. ਜਸਪਾਲ ਸਿੰਘ ਵਾਧੂ ਚਾਰਜ ਐਸ.ਡੀ.ਐਮ. ਅਬੋਹਰ, ਸਹਾਇਕ ਕਮਿਸ਼ਨਰ (ਜ) ਕੰਵਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।