ਲੁਧਿਆਣਾ, 7 ਜੁਲਾਈ 2020 – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਖੇਤੀ ਸੁਧਾਨ ਆਰਡੀਨੈਂਸ ਦੇ ਖਿਲਾਫ ਪਿਛਲੇ ਦਿਨੀਂ ਕੱਢੇ ਗਏ ਰੋਸ ਮਾਰਚ ਦੇ ਨਾਲ ਨਾਲ ਹਰ ਮੁੱਦੇ ਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਕੀਤੇ ਜਾਂਦੇ ਕੰਮਾਂ ਲਈ ਦੁੱਗਰੀ ਇਲਾਕਾ ਵਾਸੀਆਂ ਵਲੋਂ ਵਿਧਾਇਕ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਦਾ ਵਿਧਾਇਕ ਬੈਂਸ ਨੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਸੁਧਾਰ ਆਰਡੀਨੈਂਸ ਜਾਰੀ ਕੀਤਾ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਚੋਰ ਮੋਰੀ ਰਾਹੀਂ ਪੰਜਾਬ ਦੇ ਕਿਸਾਨ ਅਤੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਸਾਜਿਸ਼ ਤਹਿਤ ਹੀ ਇਹ ਆਰਡੀਨੈਂਸ ਜਾਰੀ ਕਰਕੇ ਵੱਡੇ ਘਰਾਣਿਆਂ ਲਈ ਪੰਜਾਬ ਦੀਆਂ ਜਮੀਨਾਂ ਤੇ ਕਬਜੇ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨ ਨੂੰ ਕਣਕ ਅਤੇ ਝੋਨਾ ਮਜਬੂਰੀ ਵੱਸ ਇਨ੍ਹਾਂ ਵੱਡੇ ਘਰਾਣਿਆਂ ਕੋਲ ਆਪਣੀ ਫਸਲ ਅੱਧੇ ਪੌਣੇ ਭਾਅ ਤੇ ਵੇਚਣ ਲਈ ਮਜਬੂਰ ਹੋਣਾ ਪਵੇਗਾ ਅਤੇ ਫਿਰ ਇਹੋ ਵੱਡੇ ਘਰਾਣੇ ਬਾਅਦ ਵਿੱਚ ਕਣਕ ਤੋਂ ਆਟਾ ਬਣਾ ਕੇ ਦੁਗੱਣੇ ਭਾਅ ਤੇ ਪੰਜਾਬ ਦੇ ਲੋਕਾਂ ਨੂੰ ਵੇਚਣਗੇ, ਜਿਸ ਨਾਲ ਪੰਜਾਬ ਦਾ ਕਿਸਾਨ ਹੀ ਨਹੀਂ ਸਗੋਂ ਬੱਚਾ ਬੱਚਾ ਕਰਜਾਈ ਹੋ ਜਾਵੇਗਾ। ਇਸ ਦੌਰਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਰਪਾਲ ਸਿੰਘ ਕੋਹਲੀ ਨੇ ਕਿਹਾ ਕਿ ਵਿਧਾਇਕ ਬੈਂਸ ਵਲੋਂ ਚੁੱਕੇ ਗਏ ਕਦਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਕਿਉਂਕਿ ਅੱਜ ਖੇਤਾਂ ਵਿੱਚ ਕੰਮ ਕਰਨ ਵਾਲਾ ਕਿਸਾਨ, ਮੰਡੀ ਵਿੱਚ ਕੰਮ ਕਰਨ ਵਾਲੇ ਤੋੰਲੇਦਾਰ, ਪੱਲੇਦਾਰ, ਆੜਤੀਏ ਅਤੇ ਆੜਤੀਆਂ ਕੋਲ ਕੰਮ ਕਰਨ ਵਾਲੇ ਮੁਨੀਮ ਅਤੇ ਹੋਰ ਸਟਾਫ ਦੇ ਨਾਲ ਨਾਲ ਛੋਟੇ ਟਰਾਂਸਪੋਰਟਰਾਂ ਦਾ ਧੰਦਾ ਬਿਲਕੁਲ ਖਤਮ ਹੋ ਜਾਵੇਗਾ। ਜਿਸ ਲਈ ਵਿਧਾਇਕ ਬੈਂਸ ਹੀ ਇੱਕ ਪਹਿਲੇ ਵਿਧਾਇਕ ਪੰਜਾਬ ਵਿੱਚ ਨਿੱਤਰੇ ਹਨ, ਜਿਨ੍ਹਾਂ ਦਾ ਲੋਕਾਂ ਨੇ ਵੀ ਭਰਪੂਰ ਸਾਥ ਦਿੱਤਾ। ਇਸ ਮੌਕੇ ਤੇ ਮਨਜੀਤ ਸਿੰਘ ਚਾਵਲਾ, ਮਨਮੋਹਨ ਸਿੰਘ ਪੱਪੂ, ਗੁਰਦੀਪ ਸਿੰਘ ਕਾਲੜਾ, ਪਰਵਿੰਦਰ ਸਿੰਘ ਮਿੰਟੂ, ਸੁਖਵਿੰਦਰ ਸਿੰਘ ਦੁੱਗਰੀ, ਸਿਮਰਨ ਸਿੰਘ ਦੁੱਗਰੀ, ਰਣਜੀਤ ਸਿੰਘ ਖਟੜਾ, ਹਰਮੀਤ ਸਿੰਘ ਕੋਹਲੀ, ਗਿਆਨੀ ਮੇਹਰ ਸਿੰਘ, ਸੁਰਿੰਦਰ ਪਾਲ ਸਿੰਘ ਸੱਤਾ, ਸ਼੍ਰੀ ਰਤਨ ਜੀ ਅਤੇ ਹੋਰ ਸ਼ਾਮਲ ਸਨ।