ਪਟਿਆਲਾ, 30 ਮਈ 2024 : ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਡਾ. ਧਰਮਵੀਰ ਗਾਂਧੀ, ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ ਨੂੰ 5-5 ਸਵਾਲ ਪੁੱਛੇ ਸਨ ਜਿਸਦਾ ਜਵਾਬ ਦੇਣ ਲਈ ਪਹਿਲਾਂ ਉਹਨਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਤੇ ਫਿਰ 96 ਘੰਟੇ ਲੰਘਣ ਮਗਰੋਂ ਫਿਰ 48 ਘੰਟੇ ਦਾ ਸਮਾਂ ਦਿੱਤਾ ਪਰ ਤਿੰਨੋਂ ਉਮੀਦਵਾਰਾਂ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ ਜਿਸ ਮਗਰੋਂ ਅੱਜ ਐਨ ਕੇ ਸ਼ਰਮਾ ਨੇ ਅੱਜ ਇਹਨਾਂ ਸਵਾਲਾਂ ਦਾ ਜਵਾਬ ਵੀ ਦਿੱਤਾ ਤੇ ਲੋਕਾਂ ਨੂੰ ਕਾਰਗੁਜ਼ਾਰੀ ਤੇ ਕਿਰਦਾਰ ਦੇ ਆਧਾਰ ’ਤੇ ਵੋਟ ਦੇਣ ਲਈ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਐਨ ਕੇ ਸ਼ਰਮਾ ਨੇ ਕਿਹਾ ਕਿ ਡਾ. ਗਾਂਧੀ ਤੀਜੀ ਵਾਰ ਚੋਣ ਲੜ ਰਹੇ ਹਨ ਤੇ ਤਿੰਨੋਂ ਵਾਰ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਗਾਂਧੀ ਪਰਿਵਾਰ ਨੂੰ ਡਾ. ਗਾਂਧੀ ਮਾੜਾ ਕਹਿੰਦੇ ਸਨ ਤੇ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੇ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਬਣਦੇ ਸਨ, ਅੱਜ ਉਹਨਾਂ ਨਾਲ ਹੀ ਜਾ ਰਲੇ ਹਨ। ਉਹਨਾਂ ਦੱਸਿਆ ਕਿ ਪੰਜ ਸਾਲਾਂ ਵਿਚ ਡਾ. ਗਾਂਧੀ ਦੀ ਹਾਜ਼ਰੀ ਸਿਰਫ 55 ਫੀਸਦੀ ਲੋਕ ਸਭਾ ਵਿਚ ਰਹੀ ਜਦੋਂ ਕਿ ਤਨਖਾਹ ਪੰਜ ਸਾਲ ਦੀ ਲੈ ਲਈ।
ਸਿਰਫ 18 ਸਾਲ ਪੁੱਛੇ ਤੇ ਇਕ ਵਾਰ ਵੀ ਕਿਸਾਨਾਂ, ਵਪਾਰੀਆਂ, ਐਸ ਸੀ ਪਰਿਵਾਰਾਂ ਬਾਰੇ ਤੇ ਪਟਿਆਲਾ ਹਲਕੇ ਦਾ ਸਵਾਲ ਨਹੀਂ ਕੀਤਾ। ਐਨ ਕੇ ਸ਼ਰਮਾ ਨੇ ਕਿਹਾ ਕਿ ਇਸੇ ਤਰੀਕੇ ਪ੍ਰਨੀਤ ਕੌਰ ਨੇ ਚਾਰ ਵਾਰ ਐਮ ਪੀ ਰਹੇ ਤੇ ਪੰਜ ਸਾਲ ਮੰਤਰੀ ਵੀ ਰਹੇ। ਉਹਨਾਂ ਦੱਸਿਆ ਕਿ ਇਸੇ ਤਰੀਕੇ ਪ੍ਰਨੀਤ ਕੌਰ ਨੇ ਪੰਜ ਸਾਲਾਂ ਵਿਚ ਸਿਰਫ 27 ਸਵਾਲ ਪੁੱਛੇ। ਇਸੇ ਤਰੀਕੇ 79 ਵਾਰ ਡਿਬੇਟ ਹੋਈ ਜਿਸ ਵਿਚੋਂ ਸਿਰਫ 18 ਵਾਰ ਡਿਬੇਟ ਵਿਚ ਹਿੱਸਾ ਲਿਆ। ਉਹਨਾਂ ਦੱਸਿਆ ਕਿ ਪ੍ਰਨੀਤ ਕੌਰ ਨੇ ਪੰਜ ਸਾਲਾਂ ਵਿਚ ਕਦੇ ਵੀ ਘੱਗਰ ਦਾ ਮਸਲਾ ਲੋਕ ਸਭਾ ਵਿਚ ਨਹੀਂ ਚੁੱਕਿਆ ਤੇ ਨਾ ਹੀ ਪਟਿਆਲਾ ਹਲਕੇ ਦੇ ਵਿਕਾਸ ਦੀ ਕੋਈ ਗੱਲ ਕੀਤੀ। ਉਹਨਾਂ ਇਹ ਵੀ ਦੱਸਿਆ ਕਿ ਪ੍ਰਨੀਤ ਕੌਰ ਨੂੰ 17 ਕਰੋੜ ਦੀ ਗ੍ਰਾਂਟ ਅਲਾਟ ਹੋਈ ਸੀ ਜਿਸ ਵਿਚੋਂ ਸਿਰਫ 7 ਕਰੋੜ ਰੁਪਏ ਹੀ ਵਰਤੇ ਗਏ 10 ਕਰੋੜ ਦੀ ਗ੍ਰਾਂਟ ਲੈਪਸ ਹੋ ਗਈ।
ਉਹਨਾਂ ਕਿਹਾ ਕਿ ਇਸੇ ਤਰੀਕੇ ਡਾ. ਬਲਬੀਰ ਸਿੰਘ ਦੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਸਮੇਤ ਸਿਹਤ ਤੇ ਮੈਡੀਕਲ ਸਿੱਖਿਆ ਦਾ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਡਾ. ਬਲਬੀਰ ਸਿੰਘ ਆਪਣੇ ਹਲਕੇ ਵਿਚ ਪੈਂਦੇ 24 ਪਿੰਡਾਂ ਦੇ ਕਿਸਾਨਾਂ ਜਿਹਨਾਂ ਦੀ ਜ਼ਮੀਨ ਉੱਤਰੀ ਬਾਈਪਾਸ ਲਈ ਐਕਵਾਇਰ ਹੋਈ ਨੂੰ ਇਨਸਾਫ ਨਹੀਂ ਦੁਆ ਕੇ ਤੇ ਅੱਜ ਤੱਕ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਾਰਗੁਜ਼ਾਰੀ ਦੇ ਨਾਂ ’ਤੇ ਡਾ. ਬਲਬੀਰ ਸਿੰਘ ਦੀ ਕਾਰਗੁਜ਼ਾਰੀ ਜ਼ੀਰੋ ਹੈ।
ਉਹਨਾਂ ਕਿਹਾ ਕਿ ਦੂਜੇ ਪਾਸੇ ਮੇਰੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ। ਮੈਂ ਕਾਰਗੁਜ਼ਾਰੀ ਤੇ ਕਿਰਦਾਰ ਦੇ ਆਧਾਰ ’ਤੇ ਵੋਟ ਮੰਗ ਰਿਹਾ ਹਾਂ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਹਲਕੇ ਦੀ ਨੁਹਾਰ ਬਦਲਣ ਲਈ,ਇਥੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ 1 ਜੂਨ ਨੂੰ 1 ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ’ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ।