ਸੜਕ, ਰੇਲ ਜਾਂ ਹਵਾਈ ਯਾਤਰਾ ਰਾਹੀਂ ਸੂਬੇ ‘ਚ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਤੁਰੰਤ ਹੋਵੇਗੀ ਸਕਰੀਨਿੰਗ
– ਈ ਰਜਿਸਟਰਡ ਹੋਣਾ ਹੋਵੇਗਾ ਲਾਜ਼ਮੀ ; ਰਜਿਸਟ੍ਰੇਸ਼ਨ ਸਲਿੱਪ ਨਾਲ ਰੱਖਣੀ ਜ਼ਰੂਰੀ
ਫਰੀਦਕੋਟ, 5 ਜੁਲਾਈ 2020 – ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਪੰਜਾਬ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਐਡਵਾਇਜ਼ਰੀ 7 ਜੁਲਾਈ 2020 ਤੋਂ ਲਾਗੂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਡਵਾਇਜ਼ਰੀ ਤਹਿਤ ਕੋਈ ਵੀ ਵਿਅਕਤੀ ਰੋਡ, ਰੇਲ ਜਾਂ ਹਵਾਈ ਯਾਤਰਾ ਰਾਹੀਂ ਪੰਜਾਬ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਤੁਰੰਤ ਪ੍ਰਭਾਵ ਨਾਲ ਉਸਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਆਉਣ ਲਈ ਉਸਨੂੰ ਹਰ ਹਾਲਤ ਵਿੱਚ ਈ-ਰਜਿਸਟਰਡ ਹੋਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਆਪਣੇ ਮੋਬਾਇਲ ਵਿੱਚ ਕੋਵਾ ਐਪ ਅਪਲੋਡ ਕਰਕੇ ਉਸ ਵਿੱਚ ਖੁਦ ਨੂੰ ਅਤੇ ਆਪਣੇ ਪਰਿਵਾਰ ਦੇ ਹਰ ਮੈਂਬਰ, ਜੋ ਯਾਤਰਾ ਵਿੱਚ ਸ਼ਾਮਿਲ ਹਨ, ਨੂੰ ਰਜਿਸਟਰ ਕਰਵਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਈ-ਰਜਿਸਟ੍ਰਸ਼ਨ ਸਲਿੱਪ ਨੂੰ ਡਾਊਨਲੋਡ ਕਰਕੇ ਉਸਨੂੰ ਆਪਣੇ ਵਾਹਨ ਦੀ ਵਿੰਡ ਸਕਰੀਨ ‘ਤੇ ਚਿਪਕਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਵਿਅਕਤੀ ਕਿਸੇ ਪਬਲਿਕ ਟਰਾਂਸਪੋਰਟ, ਰੇਲ ਜਾਂ ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਇਹ ਸਲਿੱਪ ਆਪਣੇ ਨਾਲ ਰੱਖਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਖੁਦ ਅਤੇ ਪਰਿਵਾਰ ਨੂੰ ਪੋਰਟਲ http://cova.punjab.gov.in/registration ‘ਤੇ ਵੀ ਰਜਿਸਟਰਡ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸੂਬੇ ਦੀਆਂ ਹੱਦਾਂ ‘ਤੇ ਤਾਇਨਾਤ ਟੀਮਾਂ ਵੱਲੋਂ ਪੁੱਛਗਿੱਛ ਕੀਤਾ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਟੀਮਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਪੁੱਛੇ ਜਾ ਰਹੇ ਡਾਟਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਨ।ਉਨ੍ਹਾਂ ਕਿਹਾ ਕਿ ਯਾਤਰਾ ਕਰਕੇ ਪੰਜਾਬ ਦਾਖਲ ਹੋਣ ਵਾਲੇ ਵਿਅਕਤੀ ਖੁਦ ਨੂੰ ਘਰ ਵਿੱਚ ਇਕਾਂਤਵਾਸ ਰੱਖਣਗੇ ਅਤੇ ਆਪਣੀ ਰੋਜ਼ਾਨਾ ਦੀ ਸਿਹਤ ਡਿਟੇਲ ਕੋਵਾ ਐਪ ਜਾਂ 112 ਨੰਬਰ ‘ਤੇ ਫੋਨ ਕਰਕੇ ਦੱਸਣਗੇ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਕੋਵਿਡ ਸਬੰਧੀ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ 104 ਨੰਬਰ ‘ਤੇ ਕਾਲ ਕਰਨਗੇ।
ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਯਾਤਰਾ ਤੋਂ ਪੰਜਾਬ ਪਰਤੇ ਲੋਕ 7 ਦਿਨਾਂ ਲਈ ਸਿਹਤ ਕੇਂਦਰਾਂ ਵਿੱਚ ਇਕਾਂਤਵਾਸ ‘ਚ ਰਹਿਣਗੇ ਅਤੇ ਉਸ ਉਪਰੰਤ 7 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।