ਨਵੀਂ ਦਿੱਲੀ, 17 ਅਪ੍ਰੈਲ – ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ, ਆਤਿਸ਼ੀ, ਸੌਰਭ ਭਾਰਦਵਾਜ ਅਤੇ ਜੈਸਮੀਨ ਸ਼ਾਹ ਨੇ ਪਾਰਟੀ ਨਾਲ ਸਬੰਧਿਤ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੀ ਵੈਬਸਾਈਟ ਵੀ ਲਾਂਚ ਕੀਤੀ ਗਈ। ਇਸ ਵੈਬਸਾਈਟ ਦਾ ਨਾਂ ‘ਆਪ ਕਾ ਰਾਮਰਾਜਯ’ ਰੱਖਿਆ ਗਿਆ ਹੈ।
ਆਪ ਆਗੂਆਂ ਨੇ ਕਿਹਾ ਕਿ ਇਹ ਪਹਿਲੀ ਰਾਮਨੌਮੀ ਹੈ, ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ। ਉਨ੍ਹਾਂ ਨੇ ਦਿੱਲੀ ਵਿਚ ਰਾਮਰਾਜਯ ਦੇ ਸੰਕਲਪ ਉੱਤੇ ਸੱਚਮੁੱਚ ਕੰਮ ਕੀਤਾ ਹੈ। ਰਾਮਰਾਜਯ ਇਹੀ ਸੀ ਜਿੱਥੇ ਲੋਕਾਂ ਲਈ ਰਾਜ ਚਲਾਇਆ ਜਾਂਦਾ ਸੀ। ਕੇਜਰੀਵਾਲ ਵੀ ਇਹੀ ਕਰ ਰਿਹਾ ਹੈ। ਅਸੀਂ ਲੋਕਾਂ ਲਈ ਸਰਕਾਰ ਚਲਾ ਰਹੇ ਹਾਂ, ਜਿੱਥੇ ਬਿਜਲੀ, ਪਾਣੀ, ਬੱਚਿਆਂ ਦੀ ਚੰਗੀ ਸਿੱਖਿਆ ਅਤੇ ਲੋਕਾਂ ਦੇ ਚੰਗੇ ਇਲਾਜ ਦੀ ਗੱਲ ਹੁੰਦੀ ਹੈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਮਿਲ ਸਕੇਗਾ। ਜਿਹੜੇ ਲੋਕ ਸਾਡਾ ਕੰਮ ਦੇਖਣਾ ਚਾਹੁੰਦੇ ਹਨ, ਉਹ ਸਾਡੀ ਵੈਬਸਾਈਟ ਤੇ ਜਾ ਕੇ ਦੇਖਣ ਕਿ ਸਾਡੀ ਸਰਕਾਰ ਨੇ ਦਿੱਲੀ ਅਤੇ ਪੰਜਾਬ ਵਿੱਚ ਕੀ ਕੰਮ ਕੀਤਾ ਹੈ। ਭਗਵਾਨ ਰਾਮ ਨੂੰ ਆਪਣੇ ਰਾਜ ਲਈ ਬਹੁਤ ਸੰਘਰਸ਼ ਕਰਨਾ ਪਿਆ, ਇਸੇ ਤਰ੍ਹਾਂ ਕੇਜਰੀਵਾਲ ਨੂੰ ਵੀ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸੱਤ ਹਲਕਿਆਂ ਵਿੱਚ ਆਮ ਚੋਣਾਂ ਦੇ ਛੇਵੇਂ ਪੜਾਅ ਦੌਰਾਨ 25 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।