ਅਯੁੱਧਿਆ, 17 ਅਪ੍ਰੈਲ – ਦੇਸ਼ ਭਰ ਵਿੱਚ ਅੱਜ ਰਾਮਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਦੀ ਰਾਮਨੌਮੀ ਬਹੁਤ ਵਿਸ਼ੇਸ਼ ਹੈ, ਕਿਉਂਕਿ ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਰਾਮਲੱਲਾ ਦੀ ਇਹ ਪਹਿਲੀ ਰਾਮਨੌਮੀ ਹੈ। ਇਸ ਦੌਰਾਨ ਰਾਮ ਮੰਦਰ ਵਿੱਚ ਇਸ ਸਮੇਂ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਆਸਥਾ ਅਤੇ ਵਿਗਿਆਨ ਦੇ ਸੰਗਮ ਨਾਲ ਰਾਮਲੱਲਾ ਦਾ ਸੂਰਿਆ ਤਿਲਕ ਕੀਤਾ ਗਿਆ। 500 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀਰਾਮ ਦਾ ਸੂਰਿਆ ਤਿਲਕ ਹੋਇਆ ਹੈ।
ਰਾਮਨੌਮੀ ਮੌਕੇ ਮੰਦਰ ਦੇ ਕਿਵਾੜ ਭਗਤਾਂ ਲਈ ਸਵੇਰੇ 3.30 ਵਜੇ ਖੋਲ੍ਹ ਦਿੱਤੇ ਗਏ। ਕਿਹਾ ਜਾ ਰਿਹਾ ਹੈ ਕਿ ਰਾਤ 11 ਵਜੇ ਤੱਕ ਭਗਤ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ। ਅਜਿਹੇ ਵਿੱਚ ਮੰਦਰ ਵਿੱਚ ਸ਼ਰਧਾਲੂਆਂ ਦੀ ਭੀੜ ਲੱਗ ਗਈ ਹੈ। ਦੁਪਹਿਰ 12.16 ਵਜੇ ਸੂਰਜ ਤਿਲਕ ਕੀਤਾ ਗਿਆ। ਅੱਜ ਦੇ ਵਿਸ਼ੇਸ਼ ਮੌਕੇ ਰਾਮਲੱਲਾ ਦੇ ਵਿਸ਼ੇਸ਼ ਵਸਤਰ ਡਿਜ਼ਾਈਨ ਕੀਤੇ ਗਏ, ਜੋ ਪੀਲੇ ਪੀਤਾਂਬਰ ਰੰਗ ਦੇ ਹਨ। ਇਸ ਵਿੱਚ ਖਾਦੀ ਅਤੇ ਹੈਂਡਲੂਮ ਦਾ ਇਸਤੇਮਾਲ ਕੀਤਾ ਗਿਆ ਹੈ। ਰਾਮਲੱਲਾ ਦੇ ਵਸਤਰ ਤਿਆਰ ਕਰਨ ਵਾਲੇ ਮਨੀਸ਼ ਤ੍ਰਿਪਾਠੀ ਦਾ ਕਹਿਣਾ ਹੈ ਕਿ ਰਾਮਲੱਲਾ ਦੇ ਵਸਤਰ ਤਿਆਰ ਕਰਨ ਵਿੱਚ 20 ਤੋਂ 22 ਦਿਨ ਸਮਾਂ ਲੱਗਦਾ ਹੈ। ਰਾਮਲੱਲਾ ਦੇ ਵਸਤਰਾਂ ਵਿੱਚ ਮਖਮਲੀ ਸੂਤੀ ਕੱਪੜੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਅੰਦਰੋਂ ਮੁਲਾਇਮ ਰਹੇ।