ਬਠਿੰਡਾ,15ਅਪਰੈਲ 2024: ਕੀ ਸਾਬਕਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਰਾਮਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਕਾਂਗੜ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੇ ਹਨ? ਕਾਂਗੜ ਦੇ ਵਿਰੋਧੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਿੱਧੂ ਵੱਲੋਂ ਭਾਰਤੀ ਜੰਤਾ ਪਾਰਟੀ ’ਚ ਸ਼ਮੂਲੀਅਤ ਕਰਨ ਤੋਂ ਬਾਅਦ ਬਦਲੇ ਸਿਆਸੀ ਸਮੀਕਰਨਾਂ ਮਗਰੋਂ ਰਾਜਨੀਤੀ ਦੇ ਗਲਿਆਰਿਆਂ ਅਤੇ ਹਲਕਾ ਰਾਮਪੁਰਾ ਦੇ ਪਿੰਡਾਂ , ਸ਼ਹਿਰਾਂ ਅਤੇ ਕਸਬਿਆਂ ’ਚ ਇਸ ਕਿਸਮ ਦੀ ਚੁੰਝ ਚਰਚਾ ਨੇ ਕਾਫੀ ਜੋਰ ਫੜਿਆ ਹੋਇਆ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਾਰ ਜਾਣ ਉਪਰੰਤ ਗੁਰਪ੍ਰੀਤ ਕਾਂਗੜ ਨੇ ਭਾਜਪਾ ’ਚ ਸ਼ਮੂਲੀਅਤ ਕਰ ਲਈ ਸੀ ਜਿੱਥੋਂ ਤੋਂ ਕਾਂਗੜ ਦਾ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਫਿਰ ਤੋਂ ਕਾਂਗਰਸ ’ਚ ਵਾਪਸੀ ਕਰ ਲਈ ਅਤੇ ਅੱਜ ਕੱਲ੍ਹ ਹਲਕਾ ਰਾਮਪੁਰਾ ’ਚ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ।
ਹਾਲਾਂਕਿ ਕਾਂਗੜ ਦੀ ਭਾਜਪਾ ’ਚ ਮੌਜੂਦਗੀ ਮੌਕੇ ਇੱਕ ਹੋਰ ਕਾਂਗਰਸੀ ਆਗੂ ਨੂੰ ਹਲਕਾ ਇੰਚਾਰਜ ਲਾਇਆ ਸੀ ਜੋ ਵੀ ਰਾਮਪੁਰਾ ਹਲਕੇ ’ਚ ਵਿਚਰ ਰਿਹਾ ਹੈ। ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦਾ ਪ੍ਰੀਵਾਰ ਭਾਜਪਾ ’ਚ ਸ਼ਾਮਲ ਹੋ ਗਿਆ ਹੈ ਤਾਂ ਹਲਕੇ ਦੇ ਬਹੁਤੇ ਲੋਕਾਂ ਨੂੰ ਜਾਪਣ ਲੱਗਾ ਹੈ ਕਿ ਮਲੂਕਾ ਹੁਣ ਜਿਆਦਾ ਸਮਾਂ ਅਕਾਲੀ ਦਲ ਨਾਲ ਨਹੀਂ ਚੱਲ ਸਕਣਗੇ। ਭਾਵੇਂ ਮਲੂਕਾ ਨੇ ਮੀਡੀਆ ਰਾਹੀਂ ਸਥਿਤੀ ਸਪਸ਼ਟ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਹਨ ਤੇ ਸਦਾ ਰਹਿਣਗੇ ਪਰ ਨੂੰਹ ਪੁੱਤ ਕਾਰਨ ਇੱਕ ਤਰਾਂ ਨਾਲ ਬੇਗਾਨਗੀ ਜਿਹੀ ਦਣਦੀ ਦਿਖਾਈ ਦੇਣ ਲੱਗੀ ਹੈ। ਇਹੋ ਕਾਰਨ ਹੈ ਕਿ ਹਲਕਾ ਰਾਮਪੁਰਾ ’ਚ ਬਣੀ ਨਿਵੇਕਲੀ ਕਿਸਮ ਦੀ ਸਿਆਸੀ ਸਥਿਤੀ ਨੂੰ ਦੇਖਦਿਆਂ ਗੁਰਪ੍ਰੀਤ ਕਾਂਗੜ ਦੇ ਅਕਾਲੀ ਦਲ ਨਾਲ ਹੱਥ ਮਿਲਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ।
ਉਂਜ ਵੀ ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਹਲਕੇ ’ਚ ਜੇਕਰ ਕੋਈ ਕੱਦਾਵਾਰ ਸਿਆਸੀ ਆਗੂ ਹੈ ਤਾਂ ਉਹ ਗੁਰਪ੍ਰੀਤ ਕਾਂਗੜ ਹੈ ਇਸ ਕਰਕੇ ਆਮ ਲੋਕਾਂ ਦੀਆਂ ਗੱਲਾਂ ’ਚ ਵਜ਼ਨ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਦਰਅਸਲ ਕਰੀਬ ਢਾਈ ਦਹਾਕੇ ਪਹਿਲਾਂ ਗੁਰਪ੍ਰੀਤ ਸਿੰਘ ਕਾਂਗੜ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹੋਇਆ ਕਰਦੇ ਸਨ। ਹਲਕੇ ਦੇ ਇੱਕ ਪੁਰਾਣੇ ਅਕਾਲੀ ਆਗੂ ਨੇ ਦੱਸਿਆ ਕਿ ਗੁਰਪ੍ਰੀਤ ਕਾਂਗੜ ਨੂੰ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧਰਮਪਤਨੀ ਸੁਰਿੰਦਰ ਕੌਰ ਬਾਦਲ ਕਾਫੀ ਪਿਆਰ ਕਰਦੇ ਸਨ। ਵੱਡੇ ਬਾਦਲ ਦਾ ਪੁਰਾਣਾ ਧਾਕੜ ਸਾਥੀ ਅਤੇ ਪਾਰਟੀ ਪ੍ਰਤੀ ਵਿਸ਼ਵਾਸ਼ਪਾਤਰ ਹੋਣ ਕਰਕੇ ਉਦੋਂ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਤੂਤੀ ਬੋਲਦੀ ਸੀ ਜਿਸ ਦੇ ਚਲਦਿਆਂ ਕਾਂਗੜ ਦੀ ਅਕਾਲੀ ਦਲ ’ਚ ਸਿਆਸੀ ਦਾਲ ਨਾਂ ਗਲ ਸਕੀ।
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਰਾਮਪੁਰਾ ਤੋਂ ਅਕਾਲੀ ਦਲ ਨੇ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਮਲੂਕਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਗੁਰਪ੍ਰੀਤ ਕਾਂਗੜ ਨੂੰ ਵੀ ਉਨ੍ਹਾਂ ਦਿਨਾਂ ’ਚ ਪੂਰੀ ਉਮੀਦ ਸੀ ਕਿ ਉਨ੍ਹਾਂ ਨੂੰ ਵੀ ਅਕਾਲੀ ਦਲ ’ਚ ਕੋਈ ਸਨਮਾਨਜਨਕ ਸਥਾਨ ਮਿਲੇਗਾ। ਅਕਾਲੀ ਹਲਕਿਆਂ ’ਚ ਉਸ ਵਕਤ ਇਹ ਵੀ ਚਰਚਾ ਚੱਲੀ ਸੀ ਕਿ ਕਾਂਗੜ ਨੂੰ ਕੋਈ ਚੰਗਾ ਅਹੁਦਾ ਦਿੱਤਾ ਜਾ ਸਕਦਾ ਹੈ ਪਰ ਅਜਿਹਾ ਹੋ ਨਾਂ ਸਕਿਆ। ਇੱਕ ਅਕਾਲੀ ਆਗੂ ਨੇ ਦੱਸਿਆ ਕਿ ਬੇਸ਼ੱਕ ਉਦੋਂ ਗੁਰਪ੍ਰੀਤ ਕਾਂਗੜ ਰਾਜਨੀਤੀ ਦਾ ਬਹੁਤਾ ਮਾਹਿਰ ਨਹੀਂ ਸੀ ਪਰ ਉਸ ਵਿੱਚ ਵੀ ਅੱਗੇ ਵਧਣ ਦੀਆਂ ਇੱਛਾਵਾਂ ਸਨ ਜੋ ਗਾਹੇ ਬਗਾਹੇ ਮਲੂਕਾ ਦੀ ਰਾਜਨੀਤੀ ਨਾਲ ਟਕਰਾਉਣ ਲੱਗ ਪਈਆਂ ਅਤੇ ਗੁਰਪ੍ਰੀਤ ਕਾਂਗੜ ਨੂੰ ਨੇ ਅੱਗੇ ਵਧਣ ਦੀ ਠਾਣ ਲਈ।
ਇਸੇ ਦੌਰਾਨ ਦੋਵਾਂ ਆਗੂਆਂ ਵਿਚਕਾਰ ਦੂਰੀਆਂ ਇਸ ਕਦਰ ਵਧ ਗਈਆਂ ਕਿ ਆਪਣੇ ਸਮਰਥਕਾਂ ਨਾਲ ਸਲਾਹ ਕਰਕੇ ਗੁਰਪ੍ਰੀਤ ਸਿੰਘ ਕਾਂਗੜ ਨੇ ਹਲਕਾ ਰਾਮਪੁਰਾ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਬੱਸ ਫਿਰ ਕੀ ਸੀ ਹਲਕੇ ਵਿੱਚ ਦਿਨਾਂ ’ਚ ਹੀ ਕਾਂਗੜ ਕਾਂਗੜ ਹੋ ਗਈ ਅਤੇ ਨਵੇਂ ਪੋਚ ਦਾ ਵੱਡਾ ਵਰਗਾ ਪਿੰਡ ਕਾਂਗੜ ਦੇ ਗੱਭਰੂ ਗੁਰਪ੍ਰੀਤ ਪਿੱਛੇ ਹੋ ਤੁਰਿਆ। ਉਸ ਵਕਤ ਅਜਿਹਾ ਮਹੌਲ ਬਣਿਆ ਕਿ ਅਕਾਲੀ ਦਲ ਨਾਲ ਜੁੜੇ ਕਈ ਪ੍ਰੀਵਾਰਾਂ ਦੇ ਮੁਖੀਆਂ ਨੇ ਤੱਕੜੀ ਤੇ ਮੋਹਰਾਂ ਲਾਈਆਂ ਤਾਂ ਗੱਭਰੂਆਂ ਨੇ ਨਾਂ ਕੇਵਲ ਖੁਦ ਕਾਂਗੜ ਨੂੰ ਵੋਟ ਪਾਈ ਬਲਕਿ ਆਪਣੇ ਦਾਦਿਆਂ ਤੋਂ ਵੀ ਵੋਟਾਂ ਪੁਆਈਆਂ ਸਨ। ਇਸ ਮੌਕੇ ਕਿਸੇ ਕਿਸਮ ਦੇ ਟਕਰਾਅ ਦੀ ਸੰਭਾਵਨਾ ਨੂੰ ਦੇਖਦਿਆਂ ਚੋਣ ਕਮਿਸ਼ਨ ਨੂੰ ਸਮੁੱਚਾ ਰਾਮਪੁਰਾ ਹਲਕਾ ਅਤਿਸੰਵੇਦਨਸ਼ੀਲ ਐਲਾਨਣਾ ਪਿਆ ਸੀ।
ਇਸ ਮੌਕੇ ਗੁਰਪ੍ਰੀਤ ਕਾਂਗੜ ਦੀ ਜਿੱਤ ਹੋਈ ਅਤੇ ਮਲੂਕਾ ਨੂੰ ਆਪਣੀ ਹੀ ਪਾਰਟੀ ਦੇ ਬਾਗੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਪਿੱਛੋਂ ਕਾਂਗੜ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਕਾਂਗਰਸ ’ਚ ਸ਼ਮੂਲੀਅਤ ਕਰ ਲਈ। ਸਾਲ 2007 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਮਲੂਕਾ ਨੂੰ ਹਰਾਕੇ ਜਿੱਤੀਆਂ ਸਨ। ਸਾਲ 2022 ’ਚ ਹਾਰਨ ਪਿੱਛੋਂ ਭਾਜਪਾ ਦਾ ਲੜ ਫੜਿਆ ਜੋ ਬਾਅਦ ’ਚ ਛੱਡ ਦਿੱਤਾ ਅਤੇ ਕਾਂਗਰਸ ਨਾਲ ਹੱਥ ਮਿਲਾ ਲਿਆ। ਹੁਣ ਸਿਆਸੀ ਹਾਲਾਤਾਂ ਨੇ ਮੋੜਾ ਕੱਟਿਆ ਤਾਂ ਇਹ ਚਰਚਾ ਛਿੜੀ ਹੈ । ਇਸ ਦਾ ਕੀ ਨਤੀਜਾ ਨਿਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇੰਨ੍ਹਾਂ ਤੱਥਾਂ ਮੁਤਾਬਕ ਲੋਕਬਾਣੀ ਸੱਚ ਹੋਣ ਨੂੰ ਨਕਾਰਿਆ ਨਹੀਂ ਜਾ ਸਕਦਾ। ਸੂਤਰ ਦੱਸਦੇ ਹਨ ਕਿ ਮਲੂਕਾ ਦੇ ਅਗਲੇ ਪੈਂਤੜੇ ਤੇ ਨਜ਼ਰਾਂ ਟਿਕੀਆਂ ਹੋਈਆਂ ਹਨ।
ਸਿਰਫ ਕਾਂਗਰਸ ਦੀ ਰਾਜਨੀਤੀ: ਕਾਂਗੜ
ਹਲਕਾ ਰਾਮਪੁਰਾ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਇਸ ਚੁੰਝ ਚਰਚਾ ਨੂੰ ਮੁੱਢੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਿਰਫ ਕਾਂਗਰਸ ਪਾਰਟੀ ਨਾਲ ਰਾਜਨੀਤੀ ਕਰਨਗੇ ਅਕਾਲੀ ਦਲ ਜਾਂਫਿਰ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ।