ਦਮਦਮਾ ਸਾਹਿਬ, ਤਲਵੰਡੀ ਸਾਬੋ:- 15 ਅਪ੍ਰੈਲ 2024 – ਖਾਲਸਾ ਸਾਜਨਾ ਦਿਵਸ ਵਿਸਾਖੀ ਤਲਵੰਡੀ ਸਾਬੋ ਗੁਰਦੁਆਰਾ ਬੇਰ ਸਾਹਿਬ ਦੇਗਸਰ ਛਾਉਣੀ ਬੁੱਢਾ ਦਲ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਵਿਸਾਖੀ ਮਾਲਵਾ ਗੱਤਕਾ ਕੱਪ ਮੁਕਾਬਲੇ ਕਰਵਾਏ ਗਏ। ਦੂਰ ਦੁਰਾਡੇ ਦੇ ਜਿਲ੍ਹਿਆਂ ਤੋਂ ਪੁਜੀਆਂ ਵੱਖ-ਵੱਖ ਟੀਮਾਂ ਨੇ ਸਿੱਖ ਸ਼ਸ਼ਤਰ ਕਲਾ ਦਾ ਬਾਖੂਬੀ ਪ੍ਰਗਟਾਵਾ ਕੀਤਾ।
ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਗਤਕਾ ਮੁਕਾਬਲਿਆਂ ਸਮੇਂ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਖੜਗ ਭੁਜਾ ਦਾ ਵਿਸ਼ੇਸ਼ ਅੰਗ ਰਹੀ ਗਤਕਾ ਜੰਗਜੂ ਖੇਡ ਨੂੰ ਸੰਭਾਲਣ ਲਈ ਬੁੱਢਾ ਦਲ ਦਾ ਵਿਸ਼ੇਸ਼ ਸਥਾਨ ਹੈ ਅਤੇ ਬੁੱਢਾ ਦਲ ਦਾ ਇਤਿਹਾਸ ਹੀ ਸਿੱਖ ਇਤਿਹਾਸ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਜਿਸ ਦੇ ਮੁਖੀ ਬਾਬਾ ਬਲਬੀਰ ਸਿੰਘ ਹਨ ਵਲੋਂ ਸਿੱਖ ਜਾਗਰਤੀ ਤੇ ਸਿਖ ਮਰਯਾਦਾ ਦੀ ਸੁਰਜੀਤੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਜੋ ਪ੍ਰਸੰਸਾ ਜਨਕ ਹਨ।
ਦੋ ਰੋਜਾ ਗਤਕਾ ਮੁਕਾਬਲਿਆਂ ਤੇ ਅੰਤ ਵਿੱਚ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਵਲੋਂ ਪੁਜੀਆਂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਹੋਸਲਾ ਹਫਜਾਈ ਕੀਤੀ।ਉਨ੍ਹਾਂ ਕਿਹਾ ਕਿ ਬੁੱਢਾ ਦਲ ਵਲੋਂ ਹੋਲੇ ਮਹੱਲੇ ਸਮੇਂ ਇੰਟਰਨੈਸ਼ਨਲ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੌਮਾਂਤਰੀ ਪੱਧਰ ਦੀਆਂ ਗਤਕਾ ਟੀਮਾਂ ਭਾਗ ਲੈਦੀਆਂ ਹਨ ਅਤੇ ਵਿਸ਼ੇਸ਼ ਸਿੱਖ ਸਖਸ਼ੀਅਤਾਂ ਸਨਮਾਨਤ ਕੀਤੀਆਂ ਜਾਂਦੀਆਂ ਹਨ।ਇਹ ਦਸਤੂਰ ਲਗਾਤਾਰ ਜਾਰੀ ਹੈ।ਉਨ੍ਹਾਂ ਕਿਹਾ ਕਿ ਗਤਕਾ ਸਿਖਲਾਈ ਅਕੈਡਮੀ ਬੁੱਢਾ ਦਲ ਪਟਿਆਲਾ ਵਿਖੇ ਚਲ ਰਹੀ ਹੈ ਜਿਸ ਵਿੱਚ ਗਤਕਾ ਮਾਸਟਰ ਦਰਸ਼ਨ ਸਿੰਘ ਸੇਵਾ ਨਿਭਾ ਰਹੇ ਹਨ।
ਵਿਸਾਖੀ ਮਾਲਵਾ ਗਤਕਾ ਕੱਪ ਦੇ ਮੁਕਾਬਲਿਆਂ ਵਿੱਚ ਦਸ਼ਮੇਸ਼ ਗਤਕਾ ਅਕੈਡਮੀ ਤਲਵੰਡੀ ਸਾਬੋ, ਬਾਬਾ ਦੀਪ ਸਿੰਘ ਜੀ ਗਤਕਾ ਅਖਾੜਾ ਹਰਿਆਣਾ, ਨਿਰਵੈਰ ਖਾਲਸਾ ਗਤਕਾ ਅਖਾੜਾ ਬੁਰਜ ਕਲਾਰਾ, ਬਾਬਾ ਫਤਿਹ ਸਿੰਘ ਜੀ ਗਤਕਾ ਅਖਾੜਾ ਤਲਵੰਡੀ ਸਾਬੋ, ਭਾਈ ਬਚਿੱਤਰ ਸਿੰਘ ਜੀ ਗਤਕਾ ਅਖਾੜਾ ਫਿਰੋਜ਼ਪੁਰ, ਪਿਆਰੇ ਭਾਈ ਧਰਮ ਸਿੰਘ ਜੀ ਗਤਕਾ ਅਖਾੜਾ ਕੋਲੀ, ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ, ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਅਖਾੜਾ ਰਾਜਪੁਰਾ, ਅਨਹਦ ਗਤਕਾ ਖਾੜਾ ਕਪੂਰਥਲਾ, ਮੀਰੀ ਪੀਰੀ ਗਤਕਾ ਅਖਾੜਾ ਬਰਨਾਲਾ ਆਦਿ ਨੇ ਵੱਖ-ਵੱਖ ਮੁਕਾਬਲੇ ਜੰਗਜੂ ਖੇਡ ਗਤਕਾ ਦੇ ਜੌਹਰ ਵਿਖਾਏ। ਇਸ ਸਮੇਂ ਜਜਮੈਂਟ ਟੀਮ ਵਿਚੋਂ ਜਜਮੈਂਟ ਟੀਮਾਂ ਵਿੱਚ ਗੁਰਪ੍ਰੀਤ ਸਿੰਘ ਪਰਮਿੰਦਰ ਸਿੰਘ, ਮਨਜੀਤ ਸਿੰਘ, ਪਰਮਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮੰਗਲ ਸਿੰਘ ਹਾਜਰ ਸਨ ਅਤੇ ਗਤਕਾ ਟੀਮਾਂ ਨੂੰ ਸਾਂਝੇ ਤੌਰ ਤੇ ਇਨਾਮ ਦਿਤੇ ਗਏ।