ਮੋਗਾ, 10 ਅਪ੍ਰੈਲ 2024- ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਣ ਉਪਰੰਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਜ਼ਿਲ੍ਹੇ ਵਿੱਚ ਚੋਣਾਂ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਜ਼ਰ ਰੱਖਣ ਲਈ ਢੁਕਵੇਂ ਸੈੱਲ ਬਣਾਏ ਜਾ ਚੁੱਕੇ ਹਨ ਜਿਹੜੇ ਕਿ ਨਿਰੰਤਰ ਯਤਨਸ਼ੀਲ ਰਹਿ ਰਹੇ ਹਨ। ਚੋਣਾਂ ਨਾਲ ਸਬੰਧਤ ਵੱਖ ਵੱਖ ਮਾਧਿਅਮਾਂ ਜਿਵੇਂ ਕਿ ਸੀ ਵਿਜ਼ਲ, ਈਮੇਲ, ਦਸਤੀ, ਐਨ.ਜੀ.ਐਸ.ਪੀ. ਪੋਰਟਲ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਜਾਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਰਹੀ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਵੱਖ ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ ਕੁੱਲ 97 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 94 ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦ ਕਿ 3 ਬਕਾਇਆ ਸ਼ਿਕਾਇਤਾਂ ਕਾਰਵਾਈ ਅਧੀਨ ਹਨ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਸਫ਼ਲਤਾ ਪੂਰਵਕ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਦੇ ਗਠਨ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਤਲੁਜ਼ ਬਲਾਕ ਦੂਸਰੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ ਏ-203 ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਸੈਂਟਰ ਸਥਾਪਿਤ ਕੀਤਾ ਗਿਆ ਹੈ, ਜੋ ਕਿ ਪੂਰਾ ਹਫ਼ਤਾ 24 ਘੰਟੇ ਖੁੱਲ੍ਹਾ ਰਹਿੰਦਾ ਹੈ।
ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ 8 ਅਪ੍ਰੈਲ ਸ਼ਾਮ 5 ਵਜੇ ਤੱਕ ਸੀ-ਵਿਜ਼ਲ ਤੇ ਕੁੱਲ 26 ਸ਼ਿਕਾਇਤਾਂ ਵਿੱਚੋਂ ਸਾਰੀਆਂ ਦਾ ਹੀ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਈ-ਮੇਲ/ਦਸਤੀ ਮੋਡ ਰਾਹੀਂ ਪ੍ਰਾਪਤ ਹੋਈਆਂ ਕੁੱਲ 34 ਸ਼ਿਕਾਇਤਾਂ ਵਿੱਚੋਂ 32 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਇੱਕ । ਸ਼ਿਕਾਇਤ ਕਾਰਵਾਈ ਅਧੀਨ ਹੈ। ਐਨ.ਜੀ.ਐਸ.ਪੀ ਰਾਹੀਂ ਪ੍ਰਾਪਤ ਹੋਈਆਂ 37 ਸ਼ਿਕਾਇਤਾਂ ਚੋਂ 36 ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 1 ਸ਼ਿਕਾਇਤ ਕਾਰਵਾਈ ਅਧੀਨ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਸੀ-ਵਿਜੀਲ (cVIGIL) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕਿਸੇ ਵੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਇਸ ਸ਼ਿਕਾਇਤ ਉੱਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ 01636-504092, ਈਮੇਲ Complaintcellmoga2024@gmail.com, ਟੋਲ ਫ਼ਰੀ ਨੰਬਰ 18001802950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) http://service.india.gov.in/ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਤਲੁਜ਼ ਬਲਾਕ ਦੀ ਦੂਸਰੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ ਏ-203 ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦੇ ਸਕਦਾ ਹੈ।