ਫਰਿਜ਼ਨੋ, ਕੈਲੀਫੋਰਨੀਆਂ, 9 ਅਪ੍ਰੈਲ 2024 : ਬੀਤੇ ਮਹੀਨੇ ਮਾਰਚ ਦੇ ਸੁਪਰਡੈਂਟ ਸੁਪਰਸਟਾਰ ਦੇ ਸਨਮਾਨ ਲਈ ਫਰਿਜ਼ਨੋ ਨਜ਼ਦੀਕੀ ਸੈਂਗਰ ਸ਼ਹਿਰ ਦੇ ਹਾਈ ਸਕੂਲ ਵੱਲੋਂ ਪੰਜਾਬੀ ਵਿਦਿਆਰਥਣ ਜਸਪ੍ਰੀਤ ਕੌਰ ਸਹੋਤਾ ਨੂੰ ਚੁਣਿਆਂ ਗਿਆ ਸੀ।
ਜਸਪ੍ਰੀਤ ਕੌਰ ਸਹੋਤਾ ਸੈਂਗਰ ਵੈਸਟ ਹਾਈ ਸਕੂਲ ਦੀ ਵਿਦਿਆਰਥਣ ਹੈ ਅਤੇ ਜੋ ਆਪਣੀ ਮਿਹਨਤ ਅਤੇ ਲਗਨ ਸਦਕਾ ਵਿਗਿਆਨ ਦੀ ਆਪਣੀ ਪੜਾਈ ਵਿੱਚ ਸਭ ਤੋਂ ਅੱਗੇ ਹੈ। ਬੀਤੇ ਸਾਲਾਂ ਵਿੱਚ ਉਸਨੇ ਫਰਿਜ਼ਨੋ ਕਾਉਂਟੀ ਵਿਗਿਆਨਿਕ ਮੇਲੇ ਵਿੱਚ ਵਿਦਿਅਕ ਮੁਕਾਬਲਾ ਕੀਤਾ ਹੈ। ਜਿੱਥੇ ਉਸਨੇ ਕੈਂਸਰ ਅਤੇ ਨਿਊਰੋਡੀਜਨਰੇਟਿਵ ਵਿਸ਼ੇ ਬਾਰੇ ਆਪਣੀ ਖੋਜ ਸਾਂਝੀ ਕੀਤੀ ਸੀ।
ਇਸ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਜਸਪ੍ਰੀਤ ਨੇ ਕਿਹਾ ਕਿ, “ਅਸੀਂ ਕੈਂਸਰ ਨੂੰ ਗਲਤ ਤਰੀਕੇ ਨਾਲ ਦੇਖ ਰਹੇ ਹਾਂ ਅਤੇ ਜੇਕਰ ਅਸੀਂ ਇਸ ਪਰਿਵਰਤਨਸ਼ੀਲ ਵਿਧੀ ਨੂੰ ਸਮਝਣ ਦੇ ਤਰੀਕੇ ਨੂੰ ਬਦਲਦੇ ਹਾਂ ਅਤੇ ਇਹ ਕੈਂਸਰ ਨੂੰ ਕਿਵੇਂ ਚਲਾਉਂਦੇ ਹਨ।” ਅਸੀਂ ਇਸਦੀ ਵਰਤੋਂ ਜ਼ਿਆਦਾ ਦੇਰ ਹੋਣ ਤੋਂ ਪਹਿਲਾਂ ਵਧੇਰੇ ਸਹੀ ਅਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਵਾਰਨ ਕਰਨ ਲਈ ਕਰ ਸਕਦੇ ਹਾਂ। ਜਸਪ੍ਰੀਤ ਨੇ ਖੇਤਰੀ, ਰਾਜ ਅਤੇ ਅੰਤਰਰਾਸ਼ਟਰੀ ਵਿਗਿਆਨ ਮੇਲਿਆਂ ਵਿੱਚ ਵੀ ਭਾਗ ਲਿਆ ਹੈ।
ਉਸਨੇ ਵਿਗਿਆਨ ਵਿਸ਼ੇ ਲਈ ਆਪਣੀ ਆਪਣੀ ਪੜਾਈ ਕੇਂਦਰਤ ਕੀਤੀ ਹੋਈ ਹੈ। ਇਸ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜਸਪ੍ਰੀਤ ਸੈਂਗਰ ਵੈਸਟ ਹਾਈ ਸਕੂਲ ਦੇ ਯੂਥ ਹੈਲਥ ਕੋਰ ਦੀ ਮੈਂਬਰ ਵੀ ਹੈ। ਜੋ ਕਿ ਭਾਈਚਾਰੇ ਵਿੱਚ ਭੋਜਨ ਦੀ ਅਸੁਰੱਖਿਆ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਉਸ ਪ੍ਰੋਗਰਾਮ ਨੇ ਪੂਰੇ ਸਕੂਲ ਵਿੱਚ ਭੋਜਨ ਦੀ ਅਸੁਰੱਖਿਆ ਨੂੰ ਸਮਰਥਨ ਦੇਣ ਲਈ $30,000 ਦੀ ਗ੍ਰਾਂਟ ਪ੍ਰਾਪਤ ਕੀਤੀ ਹੈ। ਪਰ ਉਸਦੀ ਮਿਹਨਤ ਇੱਥੇ ਨਹੀਂ ਰੁਕਦੀ। ਉਹ ਕੈਲੀਫੋਰਨੀਆਂ ਦੇ ਕਮਿਊਨਿਟੀ ਸਕੂਲਜ਼ ਸਲਾਹਕਾਰ ਪੈਨਲ ਦੀ ਮੈਂਬਰ ਵੀ ਹੈ, ਜੋ ਸੈਂਟਰਲ ਵੈਲੀ ਵਿੱਚ ਗਰੀਬ ਨੌਜਵਾਨਾਂ ਦੀ ਮਦਦ ਕਰਦੀ ਹੈ।
ਜਸਪ੍ਰੀਤ ਨੇ ਆਪਣੇ ਸਕੂਲ ਦੀ ਸਿੱਖ ਆਨਰ ਐਂਡ ਸਰਵਿਸ ਸੁਸਾਇਟੀ ਦਾ ਆਯੋਜਨ ਵੀ ਕੀਤਾ ਹੈ, ਜੋ ਕਿ ਕੈਲੀਫੋਰਨੀਆ ਦੇ ਸਿੱਖਾਂ ਦੀ ਨੁਮਾਇੰਦਗੀ ਅਤੇ ਵਕਾਲਤ ਕਰਨ ਲਈ ਜੈਕਾਰਾ ਮੂਵਮੈਂਟ ਦਾ ਹਿੱਸਾ ਹੈ। ਜਸਪ੍ਰੀਤ ਸਹੋਤਾ ਫਰਿਜ਼ਨੋ ਇਲਾਕੇ ਦੇ ਸਮਾਜਸੇਵੀ ਪਰਿਵਾਰ ਵਿੱਚੋਂ ਸ. ਰਵਿੰਦਰ ਸਿੰਘ ਸਹੋਤਾ ਦੀ ਧੀ ਹੈ। ਜਿਸ ਦੀ ਉੱਚ ਵਿੱਦਿਅਕ ਯੋਗਤਾ ਅਤੇ ਇਸ ਸੁਪਰਸਟਾਰ ਮਾਣ ਮਿਲਣ ‘ਤੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਲਈ ਪ੍ਰੇਰਨਾ ਅਤੇ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।