ਬਠਿੰਡਾ,26 ਮਾਰਚ2024: ਲੋਕ ਸਭਾ ਚੋਣਾਂ ਦੌਰਾਨ ਅਪਰਾਧਿਕ ਅਨਸਰਾਂ ਤੇ ਨਕੇਲ ਕੱਸਣ ਲਈ ਨਵੇਂ ਤਾਇਨਾਤ ਜਿਲ੍ਹਾ ਪੁਲਿਸ ਕਪਤਾਨ ਦੀਪਕ ਪਾਰਿਕ ਦੀਆਂ ਹਦਾਇਤਾਂ ਤੇ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੇ ਥਰਮਲ ਓਵਰ ਬਰਿੱਜ ਨੇੜੇ ਸਿਵੀਆਂ ਟੀ ਪੁਆਇੰਟ ਕੋਲ ਸਪੈਸ਼ਲ ਨਾਕਾਬੰਦੀ ਦੌਰਾਨ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜੋ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਮੁਲਜਮਾਂ ਦੀ ਪਛਾਣ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਿੱਖ ਮੁਹੱਲਾ ਗਿੱਦੜਬਾਹਾ, ਸ਼ਮਿੰਦਰ ਸਿੰਘ ਉਰਫ ਸ਼ੰਮੀ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਉਡਾਂਗਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਸ਼ਾਹਬਾਜ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਘੁੜਿਆਲਾ ਜਿਲ੍ਹਾ ਫਾਜਿਲਕਾ ਵਜੋਂ ਹੋਈ ਹੈ।
ਮੁਲਜਮ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਗਿੱਦੜਬਾਹਾ ਉਹੀ ਵਿਅਕਤੀ ਹੈ ਜਿਸ ਨੇ ਲੰਘੀ 23 ਮਾਰਚ ਨੂੰ ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਵਾਸੀ ਗੁਰਪ੍ਰੀਤ ਸਿੰਘ ਤੋਂ ਬਰੀਜ਼ਾ ਕਾਰ ਖੋਹੀ ਸੀ। ਇਸ ਲੁੱਟ ਦੇ ਮਾਮਲੇ ’ਚ ਮੁਕਤਸਰ ਪੁਲਿਸ ਵੱਲੋਂ ਸੰਜੇ ਕੁਮਾਰ ਦੀ ਮਾਂ ਰਾਜ ਰਾਣੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਐਸਪੀ ਡੀ ਅਜੇ ਗਾਂਧੀ ਨੇ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ ਸਟਾਫ-1 ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ’ਚ ਦੱਸਿਆ ਸੀ ਕਿ ਤਿੰਨੋ ਮੁਲਜਮ ਬਠਿੰਡਾ ਜਿਲ੍ਹੇ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਨਜਾਇਜ ਅਸਲੇ ਦੀ ਨੋਕ ਤੇ ਰਾਹਗੀਰਾਂ ਨੂੰ ਲੁੱਟ ਲੈਂਦੇ ਹਨ ਅਤੇ ਗੱਡੀਆਂ ਵੀ ਚੋਰੀ ਕਰਦੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਇੰਨ੍ਹਾਂ ਮੁਲਜਮਾਂ ਨੂੰ ਕਾਬੂ ਕੀਤਾ ਤਾਂ ਉਦੋਂ ਵੀ ਕੋਈ ਵੱਡੀ ਵਾਰਦਾਤ ਕਰਨ ਦੇ ਚੱਕਰ ’ਚ ਸਨ ਪਰ ਮੁਸਤੈਦ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੂੰ ਦਬੋਚ ਲਿਆ । ਪਲਿਸ ਨੇ ਮੁਲਜਮਾਂ ਕੋਲੋਂ ਇੱਕ ਅਸਟੀਮ ਕਾਰ ,1 ਪਿਸਟਲ 9 ਐੱਮ.ਐੱਮ. ਅਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐਸਪੀ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਧਾਰਾ 379ਬੀ,379,34 ਆਈ.ਪੀ.ਸੀ, 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਨੁਸਾਰ ਸੰੰਜੇ ਕਾਮਾਰ ਖਿਲਾਫ ਬਰੀਜ਼ਾ ਕਾਰ ਖੋਹਣ ਸਮੇਤ 4 ਮੁਕੱਦਮੇ ਦਰਜ ਹਨ ਜਿੰਨ੍ਹਾਂ ’ਚ ਦੋ ਨਸ਼ਾ ਤਸਕਰੀ ਦੇ ਹਨ।ਮੁਲਜਮ ਸ਼ਮਿੰਦਰ ਸਿੰਘ ਖਿਲਾਫ ਵੀ ਪਹਿਲਾਂ 5 ਮੁਕੱਦਮੇ ਦਰਜ ਹਨ।
ਦੇਸੀ ਕੱਟਿਆਂ ਸਮੇਤ ਇੱਕ ਗ੍ਰਿਫਤਾਰ
ਇਸੇ ਤਰਾਂ ਹੀ ਅਪਰਾਧਿਕ ਅਨਸਰਾਂ ਖਿਲਾਫ ਕਾਰਵਾਈ ਜਾਰੀ ਰੱਖਦਿਆਂ ਇੱਕ ਵੱਖਰੇ ਮਾਮਲੇ ’ਚ ਬਠਿੰਡਾ ਪੁਲਿਸ ਦੇ ਥਾਣਾ ਫੂਲ ਅਤੇ ਕਾਊਂਟਰ ਇੰਟੈਲੀਜੈਂਸੀ ਬਠਿੰਡਾ ਨੇ ਸਾਂਝੇ ਓਪਰੇਸ਼ਨ ਦੌਰਾਨ ਪੁਲਿਸ ਪਾਰਟੀ ਵੱਲੋਂ ਸਿਧਾਣਾ ਨਹਿਰ ਦੇ ਪੁਲ ਕੋਲ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲੈਣ ਤੇ 1 ਦੇਸੀ ਕੱਟਾ ਪਿਸਤੌਲ 32 ਬੋਰ ਸਮੇਤ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਐੱਸ.ਪੀ (ਡੀ) ਬਠਿੰਡਾ ਅਜੈ ਗਾਂਧੀ ਨੇ ਦੱਸਿਆ ਕਿ ਮੁਲਜਮ ਦੀ ਪਛਾਣ ਸੁਖਮੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੇਲਬਰਾਹ ਵਜੋਂ ਹੋਈ ਹੈ। ਥਾਣਾ ਫੂਲ ਪੁਲਿਸ ਨੇ ਮੁਲਜਮ ਖਿਲਾਫ 25/54/59 ਅਸਲਾ ਐਕਟ ਤਹਿਤ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੁਖਮੰਦਰ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ 2 ਦੇਸੀ ਕੱਟੇ ਪਿਸਤੌਲ 315 ਬੋਰ ਅਤੇ 25 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਪੁੱਛਣਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ