ਨਵੀਂ ਦਿੱਲੀ, 14 ਮਾਰਚ – ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਦੇਸ਼ ਭਰ ਦੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਵਲੋਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਗਈ ਕਿਸਾਨ ਮਜ਼ਦੂਰ ਮਹਾਪੰਚਾਇਤ ਦੌਰਾਨ ਰਾਜਧਾਨੀ ਦੇ ਰਾਮਲੀਲਾ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਅਤੇ ਕੇਂਦਰ ਦੀਆਂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਕੇਂਦਰ ਸਰਕਾਰ ਵਲੋਂ ਚਾਰ ਸਾਲ ਪਹਿਲਾਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ (ਜੋ ਹੁਣ ਰੱਦ ਹੋ ਚੁੱਕੇ) ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ 2020-21 ਵਿੱਚ ਹੋਏ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੜਾਈ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਰਸ਼ਨ ਪਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਬਾਰਡਰ ਤੇ ਬੈਰੀਕੇਟਿੰਗ ਕਿੱਲਾਂ ਲਗਾ ਕੇ ਆਉਣ ਤੋਂ ਰੋਕਿਆ ਹੈ ਅਤੇ ਅਸੀਂ ਉਹਨਾਂ ਨੂੰ ਪਿੰਡਾਂ ਵਿੱਚ ਆਉਣ ਤੋਂ ਰੋਕਾਂਗੇ। ਪਿੰਡ ਵਿੱਚ ਵੜਨ ਨਹੀਂ ਦੇਵਾਂਗੇ।
ਕਿਸਾਨ ਨੇਤਾ ਰਕੇਸ਼ ਟਿਕੈਤ ਨੇ ਕਿਹਾ ਕਿ 22 ਜਨਵਰੀ 2021 ਤੋਂ ਬਾਅਦ ਸਰਕਾਰ ਨੇ ਕਿਸੇ ਸੰਗਠਨ ਨਾਲ ਗੱਲਬਾਤ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਸਰਕਾਰ ਝੂਠ ਬੋਲਦੀ ਹੈ। ਦੇਸ਼ ਵਿੱਚ ਅੰਦੋਲਨ ਚੱਲ ਰਹੇ ਹਨ। ਇਹ ਵਿਚਾਰਧਾਰਾ ਦੇ ਅੰਦੋਲਨ ਹਨ। ਉਹਨਾਂ ਕਿਹਾ ਕਿ ਸਰਕਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗੀ। ਸਰਕਾਰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰੇਗੀ। ਜਮੀਨ ਬਚਾਉਣੀ ਹੈ ਤਾਂ ਅੰਦੋਲਨ ਕਰਨੇ ਪੈਣਗੇ। ਕਿਸਾਨਾਂ ਨੂੰ ਅਲੱਗ ਕਰਨ ਲਈ ਦੇਸ਼ ਵਿੱਚ ਜਾਤੀਗਤ ਸੰਗਠਨ ਬਣਨਗੇ। ਸਿੱਖ ਸਮਾਜ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਚੱਲੀ ਹੋਈ ਹੈ। ਪੂਰਾ ਦੇਸ਼ ਪੰਜਾਬ ਨੂੰ ਦੇਖਦਾ ਹੈ। ਸਭ ਇਕੱਠੇ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਕਿਸਾਨਾਂ ਦੇ ਖਿਲਾਫ ਫੈਸਲੇ ਲੈਣ ਵਾਲੀ ਸਰਕਾਰ ਦੇ ਖਿਲਾਫ ਅੰਦੋਲਨ ਜਾਰੀ ਰਹੇਗਾ। ਸਰਕਾਰ ਨੂੰ ਪੂੰਜੀਪਤੀਆਂ ਦਾ ਗੈਂਗ ਕਹਿੰਦਿਆਂ ਉਹਨਾਂ ਕਿਹਾ ਕਿ ਦੇਸ਼ ਵਿੱਚ ਪੂੰਜੀਵਾਦ ਚੱਲਿਆ ਹੋਇਆ ਹੈ। ਬਿਹਾਰ ਤਾਂ ਪੂਰਾ ਖਤਮ ਕਰ ਦਿੱਤਾ।
ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਕੋਲ ਸਰਕਾਰ ਨਾਲ ਲੜਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਜਦੋਂ ਲੜਦੇ ਹਾਂ ਤਾਂ ਹੰਝੂ ਗੈਸ ਚਲਾਉਂਦੇ ਹਨ। ਵੀਜ਼ਾ ਪਾਸਪੋਰਟ ਰੱਦ ਕੀਤਾ ਜਾ ਰਿਹਾ ਹੈ। ਸਰਕਾਰ ਆਪਣੇ ਵਿੱਚ ਸੁਧਾਰ ਨਹੀਂ ਕਰਦੀ ਤਾਂ ਉਸਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ। ਵਰਨਾ ਅਗਲਾ ਅੰਦੋਲਨ ਆਰ ਪਾਰ ਤਾਂ ਹੋਵੇਗਾ। ਉਹਨਾਂ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਰ ਸਾਲ ਕਿਸਾਨ ਤੇ 21376 ਰੁਪਏ ਕਰਜ ਚੜਦਾ ਹੈ। 2000 ਤੋਂ 2015 ਤੱਕ ਐਮਐਸਪੀ ਤੋਂ 45 ਲੱਖ ਕਰੋੜ ਰੁਪਈਆ ਘੱਟ ਮਿਲਿਆ। ਹਰਿਆਣਾ ਪੰਜਾਬ ਦਾ ਨੌਜਵਾਨ ਜਮੀਨ ਵੇਚ ਕੇ ਵਿਦੇਸ਼ ਜਾ ਰਿਹਾ ਹੈ। ਉਹਨਾਂ ਕਿਹਾ ਕਿ ਐਮਐਸਪੀ ਮਿਲਣ ਦੇ ਨਾਲ ਅਸੀਂ ਅਰਬਪਤੀ ਨਹੀਂ ਬਣ ਜਾਵਾਂਗੇ।
ਇਸ ਦੌਰਾਨ ਕਿਸਾਨਾਂ ਦੀ ਮਹਾਪੰਚਾਇਤ ਨੂੰ ਮੁੱਖ ਰੱਖਦਿਆਂ ਦਿੱਲੀ ਪੁਲੀਸ ਨੇ ਬੀਤੀ ਸ਼ਾਮ ਟਰੈਵਲ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਮੱਧ ਦਿੱਲੀ ਵੱਲ ਜਾਣ ਵਾਲੀਆਂ ਸੜਕਾਂ ਤੋਂ ਬਚਣ ਦਾ ਸੁਝਾਅ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਮਹਾਪੰਚਾਇਤ ਲਈ ਕਿਸਾਨਾਂ ਨੂੰ ਇਸ ਸ਼ਰਤ ਤੇ ਇਜਾਜ਼ਤ ਦਿੱਤੀ ਹੈ ਕਿ ਇਸ ਵਿੱਚ 5000 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ, ਕੋਈ ਟਰੈਕਟਰ-ਟਰਾਲੀ ਨਹੀਂ ਲਿਆਂਦੀ ਜਾਵੇਗੀ ਅਤੇ ਰਾਮਲੀਲਾ ਮੈਦਾਨ ਤੱਕ ਕੋਈ ਮਾਰਚ ਨਹੀਂ ਕੱਢਿਆ ਜਾਵੇਗਾ।