ਬਠਿੰਡਾ,18 ਦਸੰਬਰ 2023: ਤਲਵੰਡੀ ਸਾਬੋ ਨੇੜੇ ਪਿੰਡ ਲੇਲੇਵਾਲਾ ਵਿਖੇ ਜੀ ਆਈ ਜੀ ਐਲ ਗੈਸ ਪਾਈਪ ਲਾਈਨ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਪਾਈਪਲਾਈਨ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਪ੍ਰੈਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਗੈਸ ਪਾਈਪਲਾਈਨ ਦੇ ਮੁਆਵਜ਼ੇ ਸਬੰਧੀ 15 ਮਈ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਦੀ ਹਾਜ਼ਰੀ ਵਿੱਚ 24 ਲੱਖ ਰੁਪਿਆ ਪ੍ਰਤੀ ਏਕੜ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚੋਂ ਦੀ ਪਾਈਪ ਲਾਈਨ ਪਾਈ ਵੀ ਜਾ ਚੁੱਕੀ ਹੈ ਸਮੇਤ ਸਾਰੇ ਸੰਬੰਧਤ ਕਿਸਾਨਾਂ ਨੂੰ ਮੁਆਵਜਾ ਅਤੇ ਹੋਰ ਮੰਗਾਂ ਸਬੰਧੀ ਸਹਿਮਤੀ ਬਣੀ ਸੀ ।
ਪਿੰਡ ਲੇਲੇਵਾਲਾ ਵਿਖੇ ਗੈਸ ਪਾਈਪਲਾਈਨ ਦਾ ਕੰਮ ਨਾ ਚਲਾਉਣ ਪ੍ਰਤੀ ਵੀ ਸਾਰੀਆਂ ਧਿਰਾਂ ਸਹਿਮਤ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਲਿਖਤੀ ਸਮਝੌਤਾ ਵੀ ਹੋਇਆ ਹੈ ਪਰ ਕੰਪਨੀ ਨੇ ਕਿਸਾਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਪਿੰਡ ਲੇਲੇਵਾਲਾ ਵਿਖੇ ਇੱਕ ਜੁਲਾਈ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ 15 ਦਸੰਬਰ ਨੂੰ ਕਿਸਾਨਾਂ ਨੇ ਪਾਈਪ ਲਾਈਨ ਦੇ ਅਧਿਕਾਰੀਆਂ ਨੂੰ ਪਿੰਡ ਲੇਲੇਆਲਾ ਵਿਖੇ ਘਿਰਾਓ ਕਰ ਲਿਆ ਸੀ ਜੋ ਕਿ ਕਿਸਾਨਾਂ ਨੂੰ ਧੱਕੇ ਜਾਂ ਲਾਲਚ ਦੇ ਕੇ ਪਾਈਪਲਾਈਨ ਦਾ ਕੰਮ ਚਲਾਉਣਾ ਚਾਹੁੰਦੇ ਸਨ।
ਇਸ ਤੋਂ ਬਾਅਦ ਡੀਐਸ ਪੀ ਤਲਵੰਡੀ ਸਾਬੋ ਤੇ ਤਹਿਸੀਲਦਾਰ ਤਲਵੰਡੀ ਸਾਬੋ ਨੇ ਕਿਸਾਨਾਂ ਦੀ ਪਾਈਪ ਲਾਈਨ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਅੱਜ ਦੀ ਮੀਟਿੰਗ ਤੈਅ ਕਰਵਾਈ ਸੀ। ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਗੈਸ ਪਾਈਪ ਦੇ ਅਧਿਕਾਰੀ 24 ਲੱਖ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਲਈ ਤਿਆਰ ਨਹੀਂ ਹਨ। ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਅੱਗੇ ਤੋਂ ਐਲਾਨ ਕੀਤਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਆਉਣ ਤੇ ਗੈਸ ਪਾਈਪ ਲਾਈਨ ਦੇ ਅਧਿਕਾਰੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਗੈਸ ਪਾਈਪ ਲਾਈਨ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਹਰਜਿੰਦਰ ਸਿੰਘ ਬੱਗੀ ,ਜਸਵੀਰ ਸਿੰਘ ਬੁਰਜ ਸੇਮਾ ,ਜਗਦੇਵ ਸਿੰਘ ਜੋਗੇਵਾਲਾ ,ਰਾਜਵਿੰਦਰ ਸਿੰਘ ਰਾਮ ਨਗਰ, ਹਰਪ੍ਰੀਤ ਸਿੰਘ ਚੱਠੇ ਵਾਲਾ, ਕੁਲਵੰਤ ਸ਼ਰਮਾ ਰਾਏ ਕੇ ਕਲਾਂ ਸ਼ਾਮਲ ਸਨ ।