ਕੰਸਾਸ ਸਿਟੀ, 15 ਫਰਵਰੀ- ਅਮਰੀਕਾ ਦੇ ਕੰਸਾਸ ਸਿਟੀ ਚੀਫਜ਼ ਦੀ ਸੁਪਰ ਬਾਊਲ ਵਿੱਚ ਜਿੱਤ ਤੋਂ ਬਾਅਦ ਬੀਤੇ ਦਿਨ ਕੱਢੀ ਗਈ ਪਰੇਡ ਦੌਰਾਨ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 22 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 8 ਬੱਚੇ ਵੀ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਡਰੇ ਹੋਏ ਪ੍ਰਸ਼ੰਸਕ ਜਾਨ ਬਚਾਉਣ ਲਈ ਇੱਧਰ-ਉਧਰ ਦੌੜਨ ਲੱਗੇ। ਕੰਸਾਸ ਸਿਟੀ ਪੁਲੀਸ ਦੇ ਮੁਖੀ ਸਟੈਸੀ ਗ੍ਰੇਵਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਪਤਾ ਲੱਗਾ ਹੈ ਕਿ ਫੁੱਟਬਾਲ ਪ੍ਰਸ਼ੰਸਕਾਂ ਨੇ ਇੱਕ ਸ਼ੱਕੀ ਨੂੰ ਫੜਨ ਵਿੱਚ ਮਦਦ ਕੀਤੀ ਪਰ ਉਹ ਅਜੇ ਇਸ ਦੀ ਪੁਸ਼ਟੀ ਨਹੀਂ ਕਰ ਸਕਦੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕੰਸਾਸ ਸਿਟੀ ਵਿਚ ਗੋਲੀਬਾਰੀ ਦੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਮਾਮਲੇ ਤੇ ਨਜ਼ਰ ਰੱਖ ਰਹੇ ਹਨ।