ਨਵਾਂਸ਼ਹਿਰ, 13 ਫਰਵਰੀ 2024:- ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਬੀਰੋਵਾਲ ਵਿਖੇ ‘ਕੁਦਰਤੀ ਖੇਤੀ’ ਸਬੰਧੀ ਦੋ ਦਿਨਾਂ ਸਿਖਲਾਈ ਕੈਂਪ ਦਾ ਆਯੋਜਿਤ ਕੀਤਾ ਗਿਆ। ਇਹ ਜਾਣਕਾਰੀ ਸਹਾਇਕ ਪ੍ਰੋਫੈਸਰ ਡਾ. ਆਰਤੀ ਵਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਵਿੱਚ 40 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।
ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ), ਡਾ. ਆਰਤੀ ਵਰਮਾ ਨੇ ਦੱਸਿਆ ਕਿ ਸਿਖਲਾਈ ਦੇ ਪਹਿਲੇ ਦਿਨ ਨੇ ਕਿਸਾਨਾਂ ਨੂੰ ਕੇ. ਵੀ. ਕੇ. ਵੱਲੋਂ ਕੁਦਰਤੀ ਖੇਤੀ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਡਾ. ਬਲਜੀਤ ਸਿੰਘ ਨੇ ‘ਕੁਦਰਤੀ ਖੇਤੀ’ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੇ ਦੂਜੇ ਦਿਨ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ), ਡਾ. ਆਰਤੀ ਵਰਮਾ ਨੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ। ਉਹਨਾਂ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਲ ਅਤੇ ਸਬਜੀਆਂ ਦੀ ਪੌਸ਼ਟਿਕਤਾ ਬਾਰੇ ਵੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਰਦੀ ਦੀਆਂ ਸਬਜ਼ੀਆਂ ਤੇ ਖੁੰਬਾਂ ਦੀ ਸਫਲ ਕਾਸ਼ਤ ਬਾਰੇ ਵੀ ਦੱਸਿਆ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਡਾ. ਕਿਰਨਦੀਪ ਨੇ ਖੇਤੀ ਉਪਜ ਦੇ ਮੁੱਲ ਵਾਧੇ ਲਈ ਪ੍ਰੋਸੈਸਿੰਗ ਅਪਣਾਉਣ ਲਈ ਪ੍ਰੇਰਿਆ ਅਤੇ ਪ੍ਰੋਗਰਾਮ ਸਹਾਇਕ, ਸ਼੍ਰੀਮਤੀ ਰੇਨੂੰ ਨੇ ਸਵੈ-ਸਹਾਇਤਾ ਸਮੂਹਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਆਰਤੀ ਨੇ ਸਿਖਿਆਰਥੀਆਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ੀ ਦਵਾਈਆਂ ਜਿਵੇਂ ਕਿ, ਜੀਵ ਅੰਮ੍ਰਿਤ, ਬੀਜ਼ ਅੰਮ੍ਰਿਤ, ਅਤੇ ਬ੍ਰਹਮ ਅਸਤਰ ਬਣਾਉਣ ਦੀ ਵਿਧੀ ਵੀ ਦਰਸ਼ਾਈ। ਇਸ ਮੌਕੇ ਤੇ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਖੇਤੀ ਸਾਹਿਤ ਅਤੇ ਗਰਮੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ‘ਤੇ ਪਿੰਡ ਬੀਰੋਵਾਲ ਦੀ ਸਰਪੰਚ ਕੁਲਬੀਰ ਕੋਰ ਅਤੇ ਕਿਸਾਨ ਹਾਜ਼ਰ ਸਨ।