ਬਠਿੰਡਾ, 30 ਜਨਵਰੀ 2024:ਪੰਜਾਬ ਦੇ ਕਈ ਲੇਖਕਾਂ, ਤਰਕਸ਼ੀਲ ਵਿਅਕਤੀਆਂ ਤੇ ਹੋਰਨਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕੀਤੇ ਜਾਣ ਦੀ ਲੋਕ ਮੋਰਚਾ ਪੰਜਾਬ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਸੰਘੀ ਅਨਸਰਾਂ ਦੀ ਫਿਰਕੂ ਸਕੀਮ ਦਾ ਹਿੱਸਾ ਦੱਸਿਆ ਹੈ।ਲੋਕ ਮੋਰਚਾ ਨੇ ਸਮੂਹ ਲੋਕਾਂ ਨੂੰ ਅਜੇਹੇ ਕੇਸਾਂ ਦੇ ਮੰਤਵ ਪਛਾਨਣ ਅਤੇ ਪਛਾੜਨ ਦਾ ਸੱਦਾ ਦਿੱਤਾ ਹੈ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਆਗੂ ਜਗਮੇਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਧਾਰਾ 295 ਏ ਹਕੂਮਤਾਂ ਦੇ ਹੱਥ ਵਿੱਚ ਅਜਿਹਾ ਹਥਿਆਰ ਬਣ ਚੁੱਕੀ ਹੈ, ਜਿਸ ਦੀ ਵਰਤੋਂ ਧਾਰਮਿਕ ਸਦਭਾਵਨਾ ਦੀ ਰਾਖੀ ਦੀ ਥਾਂ ਫਿਰਕੂ ਪਾਲਾਬੰਦੀਆਂ ਲਈ ਅਤੇ ਤਰਕਸ਼ੀਲ ਤੇ ਜਮਹੂਰੀ ਹਿੱਸਿਆਂ ਖਿਲਾਫ ਕੀਤੀ ਜਾਂਦੀ ਹੈ। ਦੇਸ਼ ਭਰ ਅੰਦਰ ਫਿਰਕੂ ਫਾਸ਼ੀ ਲਾਮਬੰਦੀਆਂ ਦੇ ਜਿੰਮੇਵਾਰ ਅਨਸਰ ਇਸ ਧਾਰਾ ਦੀ ਪਹੁੰਚ ਤੋਂ ਬਾਹਰ ਹਨ, ਜਦੋਂ ਕਿ ਫਿਰਕੂ ਕੱਟੜਤਾ, ਫਾਸ਼ੀ ਲਾਮਬੰਦੀਆਂ, ਧਾਰਮਿਕ ਅੰਧ ਵਿਸ਼ਵਾਸਾਂ ਅਤੇ ਹਕੂਮਤੀ ਨੀਤੀਆਂ ਖਿਲਾਫ ਆਵਾਜ਼ ਉਠਾਉਣ ਵਾਲੇ ਲੋਕ ਇਸ ਦਾ ਚੋਣਵਾਂ ਨਿਸ਼ਾਨਾ ਹਨ।
ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਗਿਣ ਮਿਥ ਕੇ ਸੌੜੇ ਫਿਰਕੂ ਅਤੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਹੈ। ਪੰਜਾਬ ਅੰਦਰ ਤਰਕਸ਼ੀਲਾਂ, ਲੇਖਕਾਂ ਤੇ ਹੋਰਨਾਂ ਲੋਕਾਂ ਖਿਲਾਫ ਕੇਸ ਵੀ ਸ਼ਾਵਨਵਾਦੀ ਅਨਸਰਾਂ ਵੱਲੋਂ ਪੰਜਾਬ ਅੰਦਰ ਫਿਰਕੂ ਪਾਲਾ ਬੰਦੀਆਂ ਦੀ ਮਨਸ਼ਾ ਤਹਿਤ ਹੀ ਦਰਜ ਕਰਵਾਏ ਗਏ ਹਨ।ਪੰਜਾਬ ਪਿਛਲੇ ਸਮੇਂ ਅੰਦਰ ਹਕੂਮਤੀ ਨੀਤੀਆਂ ਖਿਲਾਫ ਜਥੇਬੰਦ ਲੋਕ ਤਾਕਤ ਦਾ ਕੇਂਦਰ ਬਣ ਕੇ ਉਭਰਿਆ ਹੈ।ਇਸ ਲੋਕ ਤਾਕਤ ਅਤੇ ਭਾਈਚਾਰਕ ਸਾਂਝ ਨੂੰ ਖਿੰਡਾਉਣ ਲਈ ਫਿਰਕੂ ਸ਼ਾਵਨਵਾਦੀ ਅਨਸਰ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੰਜਾਬ ਅੰਦਰ ਆਪਣੀ ਹਰਕਤਸ਼ੀਲਤਾ ਲਈ ਜਮੀਨ ਤਲਾਸ਼ ਰਹੇ ਹਨ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭੁਪਿੰਦਰ ਫੌਜੀ, ਦਵਿੰਦਰ ਰਾਣਾ ਜਾਂ ਸੁਰਜੀਤ ਦੌਧਰ ਵਰਗੇ ਲੇਖਕ ਤੇ ਤਰਕਸ਼ੀਲ ਵਿਅਕਤੀਆਂ ਨੇ ਕਿਸੇ ਧਰਮ ਦਾ ਨਿਰਾਦਰ ਕਰਦੀ ਕੋਈ ਗੱਲ ਨਹੀਂ ਕਹੀ, ਸਗੋਂ ਧਾਰਮਿਕ ਅੰਧ ਵਿਸ਼ਵਾਸਾਂ ਤੇ ਪਿਛਾਖੜੀ ਧਾਰਨਾਵਾਂ ਬਾਰੇ ਆਪਣੇ ਵਿਚਾਰ ਜਮਹੂਰੀ ਤਰੀਕੇ ਨਾਲ ਪ੍ਰਗਟ ਕੀਤੇ ਹਨ। ਅੰਧ ਵਿਸ਼ਵਾਸਾਂ ਅਤੇ ਪਿਛਾਖੜੀ ਧਾਰਨਾਵਾਂ ਖਿਲਾਫ ਬੋਲਣ ਨੂੰ ਹੀ ਧਾਰਮਿਕ ਬੇਅਦਬੀ ਵਜੋਂ ਪੇਸ਼ ਕੀਤੇ ਜਾਣਾ ਨਾ ਸਿਰਫ ਵਿਚਾਰ ਪ੍ਰਗਟਾਵੇ ਦੇ ਹੱਕ ਦੀ ਉਲੰਘਣਾ ਹੈ, ਸਗੋਂ ਨਰੋਈਆਂ ਕਦਰਾਂ ਕੀਮਤਾਂ ਦੇ ਪਸਾਰ ਤੇ ਵੀ ਪਾਬੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਇਸ ਪੱਖੋਂ ਕਾਫੀ ਨਰੋਆ ਰਿਹਾ ਹੈ ਅਤੇ ਹੁਣ ਵੀ ਇਸ ਮਾਹੌਲ ਨੂੰ ਹੋਰ ਪ੍ਰਫੁੱਲਤ ਕਰਨ ਤੇ ਇਸ ਦੀ ਰਾਖੀ ਕਰਨ ਲਈ ਸਮੂਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਫਿਰਕੂ ਫਾਸ਼ੀ ਸਕੀਮਾਂ ਨੂੰ ਭਾਂਜ ਦੇਣੀ ਚਾਹੀਦੀ ਹੈ। ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਕੱਟੜਤਾ ਅਤੇ ਫਿਰਕਾਪ੍ਰਸਤੀ ਦੇ ਜ਼ਹਿਰ ਤੋਂ ਬਚਣ ਅਤੇ ਇਹਨਾਂ ਫਿਰਕੂ ਫਾਸ਼ੀ ਸਕੀਮਾਂ ਤਹਿਤ ਵਰਤੇ ਜਾਣ ਤੋਂ ਸੁਚੇਤ ਕੀਤਾ ਹੈ।