ਬਟਾਲਾ,/ਗੁਰਦਾਸਪੁਰ , 26 ਜੂਨ 2023 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਸੂਬੇ ਨੂੰ ਮੁੜ ਖੇਡਾਂ ਵਿੱਚ ਮੋਹਰੀ ਰਾਜ ਬਣਾਇਆ ਜਾਵੇਗਾ।
ਗੱਲਬਾਤ ਦੌਰਾਨ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜੋ ਦੇਸ਼ ਦੇ ਹੋਰਨਾਂ ਖੇਡ ਮੰਤਰੀਆਂ ਵਿੱਚੋਂ ਸਭ ਤੋਂ ਨੌਜਵਾਨ ਖੇਡ ਮੰਤਰੀ ਹਨ, ਅਤੇ ਉਨ੍ਹਾਂ ਦੀ ਟੀਮ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਉਭਰਦੇ ਅਤੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪ੍ਰਤਿਭਾ ਦੀ ਬਹੁਤ ਵੱਡੀ ਸਮਰੱਥਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਉਤਸ਼ਾਹ, ਢੁਕਵਾਂ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕਰਕੇ ਹੀ ਲਿਆ ਜਾ ਸਕਦਾ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ ਅਤੇ ਵੱਖ-ਵੱਖ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਸੂਬੇ ਅਤੇ ਦੇਸ਼ ਦਾ ਨਾਮ ਦੁਨੀਆਂ ਵਿੱਚ ਉੱਚਾ ਚੁੱਕ ਰਹੇ ਹਨ। ਹਲਕੇ ਬਟਾਲਾ ਅੰਦਰ ਖੇਡਾਂ ਨੂੰ ਪ੍ਰਫੁਲਿਤ ਕੀਤੇ ਜਾਣ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਹਲਕੇ ਅੰਦਰ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਅਤੇ ਯੂਥ ਕਲੱਬਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਉਨਾਂ ਦੁਹਰਾਇਆ ਕਿ ਨੋਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨ ਲਈ ਖੇਡ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਉਹ ਵਚਨਬੱਧ ਹਨ।