ਜੈਪੁਰ, 15 ਜਨਵਰੀ – ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਦੋ ਕਾਰਾਂ ਦੀ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਬੀਤੀ ਦੁਪਹਿਰ ਲਕਸ਼ਮਣਗੜ੍ਹ ਤਹਿਸੀਲ ਵਿੱਚ ਹਾਈਵੇਅ ਤੇ ਵਾਪਰੀ।
ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਲਾਸ਼ਾਂ ਗੱਡੀਆਂ ਵਿਚ ਫਸ ਗਈਆਂ ਸਨ, ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਸੀਕਰ ਰੈਫਰ ਕੀਤਾ ਗਿਆ। ਤਿੰਨ ਗੰਭੀਰ ਜ਼ਖ਼ਮੀਆਂ ਸੀਕਰ ਤੋਂ ਜੈਪੁਰ ਰੈਫਰ ਕੀਤਾ ਗਿਆ।
ਡਿਪਟੀ ਸੁਪਰਡੈਂਟ ਆਫ਼ ਪੁਲੀਸ ਧਰਮਰਾਮ ਗਿਲਾ ਨੇ ਕਿਹਾ ਕਿ ਹਾਈਵੇਅ ਤੇ ਦੋ ਵਾਹਨਾਂ ਵਿਚਕਾਰ ਟੱਕਰ ਹੋਣ ਦੀ ਸੂਚਨਾ ਮਿਲੀ ਸੀ। ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 5 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਵਾਂ ਕਾਰਾਂ ਤੋਂ ਦੋ ਪਛਾਣ ਪੱਤਰ ਮਿਲੇ ਹਨ- ਇਕ ਪਛਾਣ ਪੱਤਰ ਮੌਲਾਸਰ ਜ਼ਿਲ੍ਹੇ, ਨਾਗੌਰ ਦਾ ਹੈ ਅਤੇ ਦੂਜਾ ਸੀਕਰ ਦਾ ਹੈ।
ਓਧਰ ਰਾਜਸਥਾਨ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਬੀਤੀ ਸ਼ਾਮ ਇਕ ਟਵੀਟ ਵਿੱਚ ਕਿਹਾ ਕਿ ਜ਼ਖਮੀਆਂ ਨੂੰ ਸਹੀ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।