ਬਠਿੰਡਾ, 15 ਜਨਵਰੀ 2024: ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਢ ਅਤੇ ਬਰਫਾਨੀ ਧੁੰਦ ਨੇ ਆਮ ਜਨਜੀਵਨ ਨੂੂੰ ਬੁਰੀ ਤਰਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਫਿਲਹਾਲ ਠੰਢੇ ਸਰਦ ਮੌਸਮ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਦੇ ਚਿਤਾਵਨੀ ਦਿੱਤੀ ਹੈ ਕਿ ਆਉਂਦੇ ਤਿੰਨ -ਚਾਰ ਦਿਨ ਸੀਤ ਲਹਿਰ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਘੱਟੋ ਘੱਟ ਤਾਪਮਾਨ ਵਿਚ ਕੋਈ ਵੱਡਾ ਬਦਲਾਓ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਮੌਸਮ ਮਾਹਿਰਾਂ ਨੂੰ 16 ਜਾਂ 17 ਜਨਵਰੀ ਨੂੰ ਪੂਰਬ ਦਿਸ਼ਾ ਵੱਲੋਂ ਹਵਾ ਵਾਪਸ ਹੋਣ ਦੀ ਉਮੀਦ ਹੈ। ਇਸ ਨੂੰ ਦੇਖਦਿਆਂ ਮੌਸਮ ਹੋਰ ਸ਼ੀਤ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਲੋਹੜੇ ਦੀ ਠੰਢ ਕਾਰਨ ਪੰਜਾਬ ਸਰਕਾਰ ਨੂੰ ਸਰਕਾਰੀ ਸਕੂਲਾਂ ’ਚ ਦੂਸਰੀ ਵਾਰ ਛੁੱਟੀਆਂ ਵਧਾਉਣੀਆਂ ਪਈਆਂ ਹਨ।