ਜੈਤੋ, 30 ਜੂਨ 2020 – ਲਾਕਡਾਊਨ ਦੌਰਾਨ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਦੇਣੀ ਸੀ ਸਗੋਂ ਉਲਟਾ ਮੋਦੀ ਸਰਕਾਰ ਲੋਕਾਂ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੁੱਟ ਰਹੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜੈਤੋ ਦੇ ਹਲਕਾ ਇੰਚਾਰਜ਼ ਅਮੋਲਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਧੀ ਕਰਦਿਆਂ ਇਸ ਨੂੰ ਆਮ ਲੋਕਾਂ ਦੀ ਪ੍ਰਵਾਹ ਨਾ ਕਰਨ ਵਾਲੀ ਸਰਕਾਰ ਐਲਾਨਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਤੋਂ ਤਰਾਹ-ਤਰਾਹ ਕਰ ਰਹੇ ਹਨ, ਦੂਜੇ ਪਾਸੇ ਕੇਂਦਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੰਚ ਅਥਾਹ ਵਾਧਾ ਕਰਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਅਮੋਲਕ ਨੇ ਕੇਂਦਰ ਸਰਕਾਰ ਨੂੰ ਲੋਟੂ ਸਰਕਾਰ ਦੱਸਦਿਆਂ ਕਿਹਾ ਕਿ ਇਸ ਸਰਕਾਰ ਕੋਲ ਕਦੇ ਵੀ ਆਮ ਲੋਕਾਂ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ।
ਉਹਨਾਂ ਕਿਹਾ ਕਿ ਜਦੋਂ ਪੈਟਰੋਲ ਦਾ ਰੇਟ 35 ਰੁਪਏ ਅਤੇ ਡੀਜ਼ਲ ਦਾ 22 ਰੁਪਏ ਸੀ ਜਦ ਕਿ ਉਸ ਸਮੇਂ ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਸੀ। ਹੁਣ ਜਦ 40 ਡਾਲਰ ਤੋਂ ਵੀ ਘੱਟ ਰੇਟ ਤੇ ਕੱਚਾ ਤੇਲ ਮਿਲ ਰਿਹਾ ਹੈ ਤਾਂ ਮੋਦੀ ਸਰਕਾਰ ਰੇਟ ਵਧਾ ਕੇ ਲੋਕਾਂ ਦੀ ਲੁੱਟ ਕਰ ਰਹੀ ਹੈ। ਆਪ ਆਗੂ ਲਛਮਣ ਭਗਤੂਆਣਾ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਤੇਲ ਦੇ ਰੇਟ ਵਧਾ ਕੇ ਲੋਕਾਂ ਦੀ ਖੂਬ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਅਤੇ ਤੇਲ ਕੰਪਨੀਆਂ ਨਾਲ ਮਿਲ ਕੇ ਤੇਲ ਦੇ ਰੇਟ ਲਗਾਤਾਰ ਵਧਾਏ ਜਾ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਤੇਲ ਦੇ ਰੇਟ ਨਾ ਘਟਾਏ ਤਾਂ ਕਾਂਗਰਸ ਪਾਰਟੀ ਵੱਲੋਂ ਜਨ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਕਿਸਾਨ ਵਿੰਗ ਦੇ ਜਿਲ੍ਹਾ ਇੰਚਾਰਜ ਗੁਰਭੇਜ ਸਿੰਘ, ਜਿਲ੍ਹਾ ਜਨਰਲ ਸਕੱਤਰ ਜਸਮੇਲ ਸਿੰਘ ਕਾਕਾ ਬਰਾੜ, ਡਾ. ਹਰੀਸ਼ ਕੁਮਾਰ, ਅਸ਼ੋਕ ਕੁਮਾਰ ਗਰਗ ਆਦਿ ਹਾਜਰ ਸਨ।