ਔਕਲੈਂਡ, 19 ਦਸੰਬਰ, 2023: ਬੀਤੇ ਕੱਲ੍ਹ ਔਕਲੈਂਡ ਦੇ ਇਕ ਨਗਰ ਮੈਸੀ ਵਿਖੇ ‘ਰੋਇਲ ਰਿਜ਼ਰਵ’ (ਕਾਰ ਪਾਰਕ) ਦੇ ਵਿਚ 25 ਸਾਲਾ ਜਿਸ ਨੌਜਵਾਨ ਦਾ ਅੱਧੀ ਰਾਤ ਕਤਲ ਹੋ ਗਿਆ ਸੀ, ਉਸ ਦੀ ਪਹਿਚਾਣ ਪੁਲਿਸ ਵੱਲੋਂ ਰਮਨਦੀਪ ਸਿੰਘ ਵੱਜੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਸ਼ਾਹਪੁਰ ਨਾਲ ਸਬੰਧਿਤ ਸੀ। ਪਿਤਾ ਧੰਨਾ ਸਿੰਘ ਆਰਮੀ ਵਿਚ ਹਨ ਅਤੇ ਮਾਤਾ ਘਰ ਬਾਰ ਸੰਭਾਲਦੇ ਹਨ। ਇਸ ਨੌਜਵਾਨ ਦੀ ਇਕ ਛੋਟੀ ਭੈਣ ਹੈ। ਮਾਪਿਆਂ ਦਾ ਇਹ ਇਕੱਲਾ ਪੁੱਤਰ ਸੀ। 2018 ਦੇ ਵਿਚ ਇਹ ਨੌਜਵਾਨ ਇਥੇ ਪੜ੍ਹਨ ਆਇਆ ਸੀ। ਰਮਨਦੀਪ ਸਿੰਘ ਇਕ ਠੇਕੇਦਾਰ ਦੇ ਰਾਹੀਂ ਸਕਿਉਰਿਟੀ ਗਾਰਡ ਦੀ ਨੌਕਰੀ ਕੁਝ ਹਫ਼ਤੇ ਪਹਿਲਾਂ ਹੀ ਕਰਨ ਲੱਗਾ ਸੀ। ਘਟਨਾ ਦਾ ਪੂਰਾ ਵੇਰਵਾ ਅਜੇ ਆਉਣਾ ਬਾਕੀ ਹੈ।
ਪੁਲਿਸ ਨੇ ਇਸ ਸਬੰਧ ਵਿਚ 26 ਸਾਲਾ ਇਕ ਵਿਅਕਤੀ ਨੂੰ ਕਤਲ ਦੇ ਦੋਸ਼ ਅਧੀਨ ਗਿ੍ਰਫਤਾਰ ਕੀਤਾ ਹੈ ਜਿਸ ਨੂੰ ਬੀਤੇ ਕੱਲ੍ਹ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਉਸਨੇ ਆਪਣੇ ਤਿੰਨ ਸਮਰਥਕਾਂ ਦੇ ਲਈ ਹੱਥ ਹਿਲਾਇਆ। ਉਸਨੂੰ 31 ਜਨਵਰੀ ਤੱਕ ਪੁਲਿਸ ਹਿਰਾਸਤ ਵਿਚ ਰੱਖਣ ਲਈ ਅਦਾਲਤੀ ਹੁਕਮ ਜਾਰੀ ਹੋਏ। ਉਸਦੇ ਇਕ ਸਮਰਥਕ ਨੇ ਉਸਨੂੰ ‘ਲਵ ਯੂ’ ਵੀ ਕਿਹਾ।
ਘਟਨਾ ਉਪਰੰਤ ਅੱਧੀ ਰਾਤ ਜਦੋਂ ਇਸਦੀ ਸੂਚਨਾ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ, ਤਾਂ ਇਹ ਨੌਜਵਾਨ ਬੇਸੁੱਧ ਸੀ ਅਤੇ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਮੈਡੀਕਲ ਸਟਾਫ ਨੇ ਇਸਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਪੁਲਿਸ ਨੇ ਗੰਭੀਰ ਹਲਾਤਾਂ ਵੱਜੋਂ ਇਸ ਘਟਨਾ ਨੂੰ ਲਿਆ ਅਤੇ ਪੁਲਿਸ ਟੀਮ ਅਤੇ ਫੋਰੈਂਸਿਕ ਲੈਬਾਰਟਰੀ ਵਾਲੇ ਸੈਂਪਲ ਲੈਣ ਪਹੁੰਚੇ। ਮ੍ਰਿਤਕ ਦਾ ਪੋਸਟ ਮਾਰਟਮ ਅੱਜ ਕੀਤਾ ਗਿਆ। ਵਰਨਣਯੋਗ ਹੈ ਕਿ ਇਸੇ ਪਾਰਕ ਦੇ ਨੇੜੇ ਪੁਲਿਸ ਨੇ ਨਾਲ ਲਗਦੇ ਘਰ ਤੋਂ ਕੁਝ ਲੋਕ ਗਿ੍ਰਫਤਾਰ ਵੀ ਕੀਤੇ ਸਨ।ਪਰ ਪੁਲਿਸ ਨੇ ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ਉਸ ਘਟਨਾ ਦਾ ਰਮਨਦੀਪ ਸਿੰਘ ਦੀ ਘਟਨਾ ਨਾਲ ਸਬੰਧ ਹੈ। ਪੁਲਿਸ ਨੇ ਇਕ ਮੋਟਰਸਾਈਕਲ ਅਤੇ ਇਕ ਹੋਰ ਵਾਹਨ ਵੀ ਉਥੇ ਕਬਜ਼ੇ ਵਿਚ ਲਿਆ ਹੋਇਆ ਸੀ। ਕੁਝ ਲੋਕ ਇਕ ਘਰ ਤੋਂ ਬਾਹਰ ਕਿਤੇ ਭੱਜ ਵੀ ਗਏ ਹਨ। ਇਸ ਨੌਜਵਾਨ ਨੇ ਦੂਜਿਆਂ ਦੀ ਸੁਰੱਖਿਆ ਕਰਦਿਆਂ ਆਪਣੀ ਜਾਨ ਗਵਾ ਲਈ। ਇੰਡੀਆ ਰਹਿੰਦਾ ਪਰਿਵਾਰ ਵੀ ਗਹਿਰੇ ਸਦਮੇ ਦੇ ਵਿਚ ਹੈ। ਇਸ ਘਟਨਾ ਨੂੰ ਲੈ ਕੇ ਨਿਊਜ਼ੀਲੈਂਡ ਭਾਈਚਾਰਾ ਕਾਫੀ ਸਦਮੇ ਦੇ ਵਿਚ ਹੈ।