ਬੁਢਲਾਡਾ, 15 ਦਸੰਬਰ – ਇਰਾਦਾ ਕੱਤਲ ਮਾਮਲੇ ਵਿੱਚ ਪੁਲੀਸ ਰਿਮਾਂਡ ਤੇ ਮੁਲਜ਼ਮ ਤੋਂ ਅਸਲੇ ਦੀ ਨਿਸ਼ਾਨਦੇਹੀ ਤੇ ਅਸਲਾ ਬਰਾਮਦ ਕਰਨ ਦੌਰਾਨ ਮੁਲਜਮ ਵੱਲੋਂ ਪੁਲੀਸ ਪਾਰਟੀ ਤੇ ਫਾਈਰਿੰਗ ਕਰ ਦਿੱਤੀ ਗਈ। ਡੀ.ਐਸ.ਪੀ. ਬੁਢਲਾਡਾ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਵਿੱਚ ਦਰਜ 27 ਨਵੰਬਰ 2023 ਨੂੰ ਮੁਕੱਦਮਾ ਨੰ. 246 ਵਿੱਚ ਦਰਜ 3 ਮੁਲਜਮ ਪਰਮਜੀਤ ਸਿੰਘ, ਮੰਗਲਜੀਤ ਸਿੰਘ ਮੰਗਾ, ਭਗਵਾਨ ਸਿੰਘ ਭਾਨਾ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਜੋ ਪੁਲੀਸ ਰਿਮਾਂਡ ਤੇ ਸਨ।
ਅੱਜ ਸੀ.ਆਈ.ਏ. ਸਟਾਫ ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਉਪਰੋਕਤ ਮੁਕੱਦਮੇ ਵਿੱਚ ਲੋੜੀਂਦਾ ਅਸਲਾ ਨਿਸ਼ਾਨਦੇਹੀ ਤੇ ਬਰਾਮਦ ਕਰਨ ਲਈ ਸਤੀਕੇ ਤੋਂ ਫੁੱਲਵਾਲਾ ਡਰੇਨ ਦੇ ਰਾਸਤੇ ਪਿੰਡ ਗੋਬਿੰਦਪੁਰਾ ਦੇ ਨਜਦੀਕ ਪੁਲੀਸ ਜਦੋਂ ਪਰਮਜੀਤ ਸਿੰਘ ਨੂੰ ਲੈ ਕੇ ਨਿਸ਼ਾਨਦੇਹੀ ਵਾਲੀ ਜਗ੍ਹਾ ਤੇ ਪਹੁੰਚੀ ਤਾਂ ਉੱਥੇ 32 ਬੋਰ ਪਿਸਟਲ ਬਰਾਮਦ ਕਰਨ ਦੌਰਾਨ ਪਰਮਜੀਤ ਨੇ ਫਰਾਰ ਹੋਣ ਦੀ ਨੀਅਤ ਨਾਲ ਉਸੇ ਪਿਸਟਲ ਨਾਲ ਪੁਲੀਸ ਤੇ ਫਾਈਰਿੰਗ ਕਰ ਦਿੱਤੀ। ਜਿਸ ਤੇ ਪੁਲੀਸ ਵੱਲੋਂ ਜੁਆਬੀ ਫਾਈਰਿੰਗ ਵਿਚ ਪਰਮਜੀਤ ਸਿੰਘ ਦੇ ਪੈਰ ਵਿਚ ਗੋਲ਼ੀ ਲੱਗੀ ਅਤੇ ਜ਼ਖ਼ਮੀ ਹੋ ਗਿਆ।
ਪਰਮਜੀਤ ਸਿੰਘ ਨੂੰ ਪੁਲੀਸ ਨੇ ਫੌਰੀ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਸਿਟੀ ਪੁਲੀਸ ਵੱਲੋਂ ਉਪਰੋਕਤ ਵਿਅਕਤੀ ਦੇ ਖ਼ਿਲਾਫ਼ ਪੁਲੀਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਹੇਠ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਸਪਤਾਲ ਵਿੱਚ ਪੁਲੀਸ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਵਿਅਕਤੀ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ।