ਜਕਾਰਤਾ, 4 ਦਸੰਬਰ – ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਫਟਣ ਕਾਰਨ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀ ਅਨੁਸਾਰ, ਪੱਛਮੀ ਸੁਮਾਤਰਾ ਵਿਚ ਮਾਰਾਪੀ ਜਵਾਲਾਮੁਖੀ ਫਟਣ ਨਾਲ ਅੱਜ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਰੱਖਿਆ ਕਾਰਨਾਂ ਕਰਕੇ 12 ਹੋਰ ਲਾਪਤਾ ਵਿਅਕਤੀਆਂ ਦੀ ਭਾਲ ਅਸਥਾਈ ਤੌਰ ਤੇ ਰੋਕ ਦਿੱਤੀ ਗਈ ਸੀ।
ਖੋਜ ਤੇ ਬਚਾਅ ਦਲ ਦੇ ਬੁਲਾਰੇ ਨੇ ਕਿਹਾ ਕਿ ਅੱਜ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬੀਤੇ ਦਿਨ ਹੋਏ ਧਮਾਕੇ ਸਮੇਂ ਇਲਾਕੇ ਵਿੱਚ 75 ਵਿਅਕਤੀ ਮੌਜੂਦ ਸਨ।
ਬੀਤੇ ਦਿਨ ਮਾਊਂਟ ਮਾਰਾਪੀ ਜਵਾਲਾਮੁਖੀ ਫਟਿਆ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਅਲਰਟ ਨੂੰ ਉੱਚੇ ਪੱਧਰ ਤੇ ਵਧਾ ਦਿੱਤਾ ਤੇ ਨਿਵਾਸੀਆਂ ਦੀ ਆਵਾਜਾਈ ਤੇ ਵੀ ਰੋਕ ਲਗਾ ਦਿੱਤੀ ਗਈ। 49 ਪਰਬਤਾਰੋਹੀਆਂ ਨੂੰ ਅੱਜ ਤੜਕੇ ਖੇਤਰ ਤੋਂ ਬਾਹਰ ਕੱਢਿਆ ਗਿਆ ਅਤੇ ਕਈਆਂ ਦਾ ਸੜਨ ਕਾਰਨ ਇਲਾਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਰਾਪੀ ਸੁਮਾਤਰਾ ਟਾਪੂ ਤੇ ਸਭ ਤੋਂ ਵੱਧ ਸਰਗਰਮ ਜਵਾਲਾਮੁਖੀ ਵਿੱਚੋਂ ਇੱਕ ਹੈ।