ਸੰਸਦ ਦੇ ਸਰਦ ਰੁੱਤ ਇਜਲਾਸ ’ਚ ਆਈ ਪੀ ਸੀ, ਸੀ ਆਰ ਪੀ ਸੀ ਤੇ ਐਵੀਡੈਂਸ ਐਕਟ ਦੀ ਥਾਂ ਨਵੇਂ ਕਾਨੂੰਨਾਂ ਸਮੇਤ 18 ਬਿੱਲ ਹੋਣਗੇ ਪੇਸ਼
ਨਵੀਂ ਦਿੱਲੀ, 30 ਨਵੰਬਰ, 2023: ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਸੰਸਦ ਦੇ 4 ਤੋਂ 22 ਦਸੰਬਰ ਤੱਕ ਹੋ ਰਹੇ ਸਰਦ ਰੁੱਤ ਇਜਲਾਸ ਵਿਚ 18 ਬਿੱਲ ਪੇਸ਼ ਕੀਤੇ ਜਾਣਗੇ ਜਿਹਨਾਂ ਵਿਚ ਕਈ ਅਹਿਮ ਕ੍ਰੀਮੀਨਲ ਲਾਅ ਬਿੱਲ ਹੋਣਗੇ ਜਿਹਨਾਂ ਦਾ ਮਕਸਦ ਆਈ ਪੀ ਸੀ 1860, ਸੀ ਆਰ ਪੀ ਸੀ 1973 ਅਤੇ ਇੰਡੀਅਨ ਐਵੀਡੈਂਟਸ ਐਕਟ 1973 ਦੀ ਥਾਂ ਨਵੇਂ ਕਾਨੂੰਨ ਬਣਾਉਣ ਦੇ ਬਿੱਲ ਵੀ ਸ਼ਾਮਲ ਹੋਣਗੇ। ਨਵੇਂ ਬਿੱਲਾਂ ਵਿਚ ਭਾਰਤੀ ਨਿਆਂ ਸੰਹਿਤਾ 2023, ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ 2023 ਅਤੇ ਭਾਰਤੀ ਸਕਸ਼ਯ ਬਿੱਲ 2023 ਵੀ ਸ਼ਾਮਲ ਹੋਣਗੇ। ਇਹ ਬਿੱਲ ਪਹਿਲਾਂ 11 ਅਗਸਤ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਸਨ ਤੇ ਇਹਨਾਂ ਨੂੰ ਚੇਅਰਮੈਨ ਰਾਜ ਸਭਾ ਨੇ ਲੋਕ ਸਭਾ ਦੇ ਸਪੀਕਰ ਨਾਲ ਰਾਇ ਮਸ਼ਵਰਾ ਕਰ ਕੇ ਗ੍ਰਹਿ ਵਿਭਾਗ ਦੀ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਸੀ।