ਫਾਜਿ਼ਲਕਾ, 20 ਨਵੰਬਰ 2023- ਝੋਨੇ ਦੀ ਪਰਾਲੀ ਕਿਨੂੰ ਦੇ ਬਾਗਾਂ ਵਿਚ ਮਲਚਿੰਗ ਲਈ ਵਰਤੀ ਜਾਵੇ ਤਾਂ ਇਸ ਨਾਲ ਜਿੱਥੇ ਬਾਗਾਂ ਨੂੰ ਗਰਮੀ ਤੋਂ ਬਚਾਇਆ ਜਾ ਸਕਦਾ ਹੈ ਉਥੇ ਹੀ ਇਸ ਨਾਲ ਗਰਮੀ ਦੀ ਰੁੱਤ ਵਿਚ ਬਾਗਾਂ ਨੂੰ ਸੋਕੇ ਤੋਂ ਵੀ ਰਾਹਤ ਮਿਲਦੀ ਹੈ ਅਤੇ ਪਰਾਲੀ ਦੀ ਵੀ ਸਹੀ ਵਰਤੋਂ ਹੋ ਜਾਂਦੀ ਹੈ। ਜਦਕਿ ਇਹ ਪਰਾਲੀ ਬਾਗ ਵਿਚ ਪਾਉਣ ਨਾਲ ਬਾਗ ਵਾਲੇ ਖੇਤ ਵਿਚ ਕਾਰਬਨਿਕ ਮਾਦਾ ਵੀ ਵੱਧਦਾ ਹੈ ਅਤੇ ਕਿਨੂੰ ਦੀ ਚੰਗਾ ਝਾੜ ਮਿਲਦਾ ਹੈ। ਇਸ ਲਈ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜਿ਼ਲ੍ਹੇ ਦੇ ਬਾਗਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਕਿਨੂੰ ਦੇ ਬਾਗਾਂ ਵਿਚ ਮਲਚਿੰਗ ਲਈ ਇੱਕਠੀ ਕਰ ਲੈਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਿਆ ਨਾ ਜਾਵੇ ਸਗੋਂ ਇਸਦੀ ਸੁਯੋਗ ਵਰਤੋਂ ਕਰਦਿਆਂ ਇਸਦਾ ਪ੍ਰਬੰਧ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗਬਾਨੀ ਮਾਹਿਰਾਂ ਅਨੁਸਾਰ ਪਰਾਲੀ ਨਾਲ ਜੇਕਰ ਬਾਗ ਵਿਚ ਮਲਚ ਕੀਤੀ ਜਾਵੇ ਭਾਵ ਬੁਟਿਆਂ ਦੇ ਹੇਠ ਪਰਾਲੀ ਦੀ ਤਹਿ ਵਿਛਾ ਦਿੱਤੀ ਜਾਵੇ ਤਾਂ ਇਸ ਨਾਲ ਕਿਨੂੰ ਦੇ ਬਾਗਾਂ ਨੂੰ ਗਰਮੀ ਰੁੱਤ ਦੌਰਾਨ ਉਚੇ ਤਾਪਮਾਨ ਦਾ ਅਸਰ ਘੱਟ ਹੁੰਦਾ ਹੈ। ਇਸੇ ਤਰਾਂ ਵਾਸਪੀਕਰਨ ਰਾਹੀਂ ਪਾਣੀ ਦੇ ਨੁਕਸਾਨ ਨੂੰ ਘੱਟ ਕਰਦੀ ਹੈ ਅਤੇ ਬਾਗ ਨੂੰ ਘੱਟ ਪਾਣੀ ਨਾਲ ਪਾਲਿਆ ਜਾ ਸਕਦਾ ਹੈ। ਇਸੇ ਤਰਾਂ ਇਹ ਪਰਾਲੀ 6 ਮਹੀਨੇ ਵਿਚ ਗਲ ਕੇ ਮਿੱਟੀ ਵਿਚ ਮਿਲ ਜਾਂਦੀ ਹੈ ਅਤੇ ਪਰਾਲੀ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਕਿਸਾਨਾਂ ਨੂੰ ਰੂੜੀ ਦੀ ਖਾਦ ਵੀ ਘੱਟ ਪਾਉਣੀ ਪੈਂਦੀ ਹੈ।
ਇਸ ਸਬੰਧੀ ਬਾਗਬਾਨੀ ਮਾਹਿਰ ਆਖਦੇ ਹਨ ਕਿ ਕਿਨੂੰ ਦੀ ਤੁੜਾਈ ਤੋਂ ਬਾਅਦ ਫਰਵਰੀ ਵਿਚ ਖਾਦਾਂ ਆਦਿ ਪਾਉਣ ਤੋਂ ਬਾਅਦ ਬਾਗਾਂ ਹੇਠ ਪਰਾਲੀ ਦੀ ਮੋਟੀ ਤਹਿ ਵਿਛਾ ਦਿੱਤੀ ਜਾਂਦੀ ਹੈ ਅਤੇ ਇਸ ਨਾਲ ਬਾਗਾਂ ਨੂੰ ਲਾਭ ਹੁੰਦਾ ਹੈ।ਬਹੁਤ ਸਾਰੇ ਪ੍ਰਗਤੀਸ਼ੀਲ ਕਿਸਾਨ ਇਸ ਤਰਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸਦੇ ਬਹੁਤ ਚੰਗੇ ਨਤੀਜੇ ਮਿਲੇ ਹਨ। ਉਨ੍ਹਾਂ ਅਨੁਸਾਰ ਇਸ ਸਮੇਂ ਪਰਾਲੀ ਭਰਪੂਰ ਮਾਤਰਾ ਵਿਚ ਉਪਲਬੱਧ ਹੈ ਇਸ ਲਈ ਬਾਗਬਾਨ ਆਪਣੀ ਜਰੂਰਤ ਅਨੁਸਾਰ ਹੁਣੇ ਪਰਾਲੀ ਇੱਕਤਰ ਕਰ ਲੈਣ।