ਬਠਿੰਡਾ,13 ਨਵੰਬਰ 2023:ਬਠਿੰਡਾ ਜਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਇੱਕ ਡੇਰੇ ’ਚ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਉਪਰੰਤ ਮੌਕੇ ਤੇ ਪੁੱਜੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਨ ਸਿੰਘ ਵਾਲਾ ਦੇ ਇੱਕ ਪ੍ਰੀਵਾਰ ਵੱਲੋਂ ਡੇਰੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ ਜਿਸ ਦੇ ਭੋਗ ਪਾਏ ਜਾਣੇ ਸਨ। ਇਸੇ ਦੌਰਾਨ ਜਦੋਂ ਪ੍ਰੀਵਾਰ ਡੇਰੇ ਗਿਆ ਤਾਂ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਡੇਰਾ ਮੁਖੀ ਬਖਤੌਰ ਦਾਸ ਨੇ ਨਸ਼ਾ ਕੀਤਾ ਹੋਇਆ ਹੈ। ਪ੍ਰੀਵਾਰ ਨੂੰ ਇਸ ਮੌਕੇ ਇਹ ਵੀ ਜਾਪਿਆ ਕਿ ਜੋ ਲੋਕ ਪਾਠ ਪੜ੍ਹ ਰਹੇ ਹਨ ਉਹ ਵੀ ਨਸ਼ੇ ਦੀ ਲੋਰ ਵਿੱਚ ਹਨ। ਘਟਨਾ ਦੀ ਜਾਣਕਾਰੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਿੱਤੀ ਗਈ ਜਿੱਥੋਂ ਆਏ ਪੰਜ ਪਿਆਰਿਆਂ ਨੇ ਪੜਤਾਲ ਆਰੰਭ ਦਿੱਤ
ਮੌਕੇ ਤੇ ਪੁੱਜੀ ਥਾਣਾ ਨੇਹੀਆਂ ਵਾਲਾ ਪੁਲਿਸ ਨੂੰ ਡੇਰੇ ’ਚ ਤਲਾਸੀ ਦੌਰਾਨ ਇੱਕ ਬਕਸੇ ਚੋਂ ਗੁਟਕਾ ਸਾਹਿਬ ਦੇ ਫਟੇ ਅੰਗ ਬਰਾਮਦ ਕੀਤੇ ਸਨ। ਪੁਲਿਸ ਨੂੰ ਨਸ਼ਾ ਕਰਨ ਦੀ ਪੁਸ਼ਟੀ ਵੀ ਹੋ ਗਈ ਹੈ। ਇਸ ਮੌਕੇ ਇਕੱਤਰ ਹੋਈ ਸਿੱਖ ਸੰਗਤ ਭੜਕ ਗਈ ਅਤੇ ਡੇਰਾ ਮੁਖੀ ਸਮੇਤ ਦੋ ਜਣਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਦੋਂਕਿ ਤੀਸਰਾ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ ਹੈ।
ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਡੀ ਐਸ ਪੀ ਭੁੱਚੋ ਰਛਪਾਲ ਸਿੰਘ ਦਾ ਕਹਿਣਾ ਸੀ ਕਿ ਬੇਅਦਬੀ ਦੇ ਮਾਮਲੇ ’ਚ ਤਿਨ ਵਿਅਕਤੀਆਂ ਖਿਲਾਫ ਧਾਰਾ 295 ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਬਖਤੌਰ ਦਾਸ ਅਤੇ ਭੋਲਾ ਦਾਸ ਗ੍ਰਿਫਤਾਰ ਕਰ ਲਈ ਹਨ ਅਤੇ ਤੀਸਰੇ ਮੁਲਜਮ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।