ਨਵਾਂਸ਼ਹਿਰ, 10 ਨਵੰਬਰ, 2023 : ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਤਿਉਹਾਰਾਂ ਦੀ ਆਮਦ ਦੇ ਮੱਦੇਨਜ਼ਰ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਜ਼ਿਲ੍ਹੇ ਭਰ ਵਿੱਚ ਮਹੀਨਾ ਅਕਤੂਬਰ, 2023 ਤੋਂ ਹੁਣ ਤੱਕ ਵਿਸ਼ੇਸ਼ ਮੁਹਿੰਮ ਤਹਿਤ 54 ਸੈਂਪਲ ਲਏ ਗਏ, ਜਿਸ ਵਿੱਚ 40 ਕਿਲੋ ਮਿਲਾਵਟੀ ਪਨੀਰ ਨੂੰ ਨਸ਼ਟ ਕਰਵਾਇਆ ਗਿਆ। ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਵਿਚੋਂ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਰਾਹੋਂ ਵਿਖੇ ਬੇਕਰੀ ਪ੍ਰੋਡਕਟ, ਡਰਾਈ ਫਰੂਟ, ਚਾਂਦੀ ਦੇ ਵਰਕ ਵਾਲੀਆਂ ਮਿਠਾਈਆਂ,ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਖੋਏ ਵਾਲੀਆਂ ਰੰਗਦਾਰ ਮਿਠਾਈਆਂ, ਖਾਣ ਵਾਲਾ ਤੇਲ ਦੀ ਸੈਂਪਲਿੰਗ ਕੀਤੀ ਗਈ ਅਤੇ ਸੈਂਪਲਾਂ ਨੂੰ ਸਟੇਟ ਲੈਬ ਖਰੜ ਵਿਖੇ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਤੜਕਸਾਰ ਨਾਕਾਬੰਦੀ ਕਰਕੇ ਵੀ ਵਾਹਨਾ ਨੂੰ ਰੋਕ ਕੇ ਸੈਂਪਲਿੰਗ ਕੀਤੀ ਗਈ ਅਤੇ ਮਠਿਆਈਆਂ ਦੀਆਂ ਦੁਕਾਨਾਂ ਨੂੰ ਸਾਫ-ਸਫਾਈ ਨਾ ਹੋਣ ਤੇ ਅਨਹਾਈਜੀਨਿਕ ਚਲਾਨ ਕੀਤੇ ਗਏ ਅਤੇ ਇੰਪਰੂਵਮੈਂਟ ਨੋਟਿਸ ਦਿੱਤੇ ਗਏ।
ਅਸਿਸਟੈਂਟ ਕਮਿਸ਼ਨਰ (ਫੂਡ) ਰਾਖੀ ਵਿਨਾਇਕ ਨੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਫੂਡਸੇਫਟੀ ਸਟੈਂਡਰਡ ਐਕਟ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਅਤੇ ਸਾਫ-ਸਫਾਈ ਦਾ ਧਿਆਨ ਰੱਖਣ ਲਈ ਕਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਅਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਿਲਾਵਟਖੋਰੀ ਰੋਕਣ ਲਈ ਫੂਡ ਸੇਫਟੀ ਵਿਭਾਗ ਪੱਬਾ ਭਾਰ ਹੈ ਅਤੇ ਕਿਸੇ ਤਰ੍ਹਾਂ ਦੀ ਮਿਲਾਵਟਖੋਰੀ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਦਫ਼ਤਰ ਬੰਗਾ ਦੇ ਕਰਮਚਾਰੀ ਵੀ ਮੌਜੂਦ ਸਨ।