ਸਰੀ, 8 ਨਵੰਬਰ, 2023: ਨਾਮਵਰ ਮੀਡੀਆ ਅਦਾਰਾ ਰੇਡੀਓ ਇੰਡੀਆ (ਸਰੀ) ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਸਿੰਘ ਗਿੱਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖਕੇ ਕਿਸੇ ਖਾਸ ਧਿਰ ਦੀ ਬਜਾਏ ਪੂਰੇ ਪੰਜਾਬੀ ਸਿੱਖ ਭਾਈਚਾਰੇ ਦੇ ਹਿਤਾਂ ਵੱਲ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਮੀਡੀਆ ਸ਼ਖਸੀਅਤ ਹੋਣ ਦੇ ਨਾਅਤੇ ਕੈਨੇਡਾ ਵਿਚ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਦਰਪੇਸ਼ ਸੁਰੱਖਿਆ ਚਿੰਤਾਵਾਂ ਨੂੰ ਸਮਰੱਥ ਸਰਕਾਰ ਦੇ ਧਿਆਨ ਵਿਚ ਲਿਆਉਣਾ ਉਸਦੀ ਜ਼ਿੰਮੇਵਾਰੀ ਬਣਦੀ ਹੈ।
ਗਿੱਲ ਨੇ ਕਿਹਾ ਕਿ ਕੈਨੇਡਾ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਵਿਰੁੱਧ ਨਫ਼ਰਤ ਅਤੇ ਡਰਾਉਣੀਆਂ ਕਾਰਵਾਈਆਂ ਚਿੰਤਾਜਨਕ ਪੱਧਰ ‘ਤੇ ਪਹੁੰਚ ਗਈਆਂ ਹਨ। ਇੰਡੋ-ਕੈਨੇਡੀਅਨ ਭਾਈਚਾਰੇ ‘ਤੇ ਦਿਨ-ਦਿਹਾੜੇ ਸਰੀਰਕ ਹਮਲੇ ਕੈਨੇਡਾ ‘ਚ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰੀ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਸਨਮਾਨ ਵਿੱਚ ਰੱਖੇ ਸਮਾਗਮ ਲਈ ਮੈਨੂੰ ਖੁਦ ਸਰੀਰਕ ਹਮਲੇ ਅਤੇ ਜਾਨਲੇਵਾ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਕਾਨੂੰਨ ਦੇ ਰਾਜ ਵਾਲੇ ਦੇਸ਼ ਵਿਚ ਅਜੇ ਤੱਕ ਉਸਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹੈ, ਜਦੋਂਕਿ ਇਹ ਹਮਲੇ 19 ਮਾਰਚ, 2023 ਨੂੰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਏ ਸਨ।
ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਖਤਰੇ ਹੁਣ ਖੁੱਲ੍ਹੇਆਮ ਅੱਤਵਾਦ ਬਣ ਗਏ ਹਨ ਕਿਉਂਕਿ ਸਿੱਖਸ ਫਾਰ ਜਸਟਿਸ (SFJ) ਦੇ ਗੁਰਪਤਵੰਤ ਪੰਨੂ ਨੇ ਭਾਰਤੀ ਭਾਈਚਾਰੇ ਨੂੰ ਏਅਰ ਇੰਡੀਆ ‘ਤੇ ਹਮਲਾ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਪੰਨੂ ਨੇ ਸ਼ਰ੍ਹੇਆਮ ਸਿੱਖ ਭਾਈਚਾਰੇ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਏਅਰ ਇੰਡੀਆ ਦੀ ਯਾਤਰਾ ਨਾ ਕਰਨ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਅੱਤਵਾਦੀ ਧਮਕੀ ਗੁਰਪਤਵੰਤ ਪੰਨੂ ਦੁਆਰਾ ਹਿੰਦੂ ਭਾਈਚਾਰੇ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਦਿੱਤੀ ਗਈ ਹੈ, ਜਿੱਥੇ ਉਸਨੇ ਹਿੰਦੂ ਭਾਈਚਾਰੇ ਨੂੰ ਕੈਨੇਡਾ ਛੱਡਕੇ ਭਾਰਤ ਵਾਪਸ ਜਾਣ ਲਈ ਕਿਹਾ ਸੀ।
ਉਨ੍ਹਾਂ ਕਿਹਾ ਕਿ ਇਹ ਦਹਿਸ਼ਤਗਰਦ ਧਮਕੀਆਂ ਏਅਰ ਇੰਡੀਆ ਦੇ ਅਤਿਵਾਦੀ ਹਮਲੇ ਦੇ 329 ਪੀੜ੍ਹਤ ਕੈਨੇਡੀਅਨਾਂ ਨੂੰ ਸਤਾਉਂਦੀ ਹੈ, ਜਿਹਨਾਂ ਦੇ ਪਰਿਵਾਰਕ ਮੈਂਬਰ ਇਸ ਘਟਨਾ ਵਿਚ ਮਾਰੇ ਗਏ ਸਨ। ਗਿੱਲ ਨੇ ਕਿਹਾ ਕਿ ਪੰਨੂ ਦੀਆਂ ਤਾਜ਼ਾ ਧਮਕੀਆਂ ਉਨ੍ਹਾਂ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ ਜਿਨ੍ਹਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਹੈ।
ਕਾਨੂੰਨ ਦੀ ਗੱਲ ਕਰਦਿਆਂ ਗਿੱਲ ਨੇ ਕਿਹਾ ਕਿ ਗਲਤ ਜਾਣਕਾਰੀ ਫੈਲਾਅ ਕੇ ਜਹਾਜ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ ਕੈਨੇਡੀਅਨ ਕ੍ਰਿਮੀਨਲ ਕੋਡ ਦੀ ਧਾਰਾ 77 ਦੇ ਤਹਿਤ ਉਮਰ ਕੈਦ ਦੀ ਸਜ਼ਾ ਵਾਲਾ ਜੁਰਮ ਹੈ। ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 319(2) ਦੇ ਤਹਿਤ ਲੋਕਾਂ ਦੇ ਸਮੂਹ ਦੇ ਖਿਲਾਫ ਜਾਣਬੁੱਝ ਕੇ ਨਫ਼ਰਤ ਨੂੰ ਉਤਸ਼ਾਹਿਤ ਕਰਨਾ ਇੱਕ ਗੰਭੀਰ ਅਪਰਾਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰਾ ਇਸ ਗੱਲ ਤੋਂ ਦੁਖੀ ਹੈ ਕਿ ਗੁਰਪਤਵੰਤ ਪੰਨੂ ਵਰਗੇ ਲੋਕ ਕੈਨੇਡਾ ਵਿਚ ਕਾਨੂੰਨੀ ਛੋਟ ਦਾ ਆਨੰਦ ਕਿਉਂ ਮਾਣ ਰਹੇ ਹਨ, ਜਿੱਥੇ ਉਨ੍ਹਾਂ ਨੂੰ ਆਪਣੇ ਨਫ਼ਰਤ ਭਰੇ ਅਤੇ ਅੱਤਵਾਦੀ ਬਿਆਨਾਂ ਦਾ ਕੋਈ ਨਤੀਜਾ ਨਹੀਂ ਭੁਗਤਣਾ ਪੈ ਰਿਹਾ।
ਅਖੀਰ ਵਿਚ ਗਿੱਲ ਨੇ ਮੰਗ ਕੀਤੀ ਕਿ ਕਾਨੂੰਨ ਦੇ ਰਾਜ ਵਾਲੇ ਕੈਨੇਡਾ ਵਿਚ ਜਿੱਥੇ ਸਿੱਖਸ ਫਾਰ ਜਸਟਿਸ ‘ਤੇ ਅੱਤਵਾਦੀ ਸੰਗਠਨ ਵਜੋਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਉਥੇ ਸਰਕਾਰ ਨੂੰ ਨਫਰਤ ਭਰੇ ਭਾਸ਼ਣ ਅਤੇ ਅੱਤਵਾਦੀ ਧਮਕੀਆਂ ਦੇ ਕੇ ਏਅਰ ਇੰਡੀਆ ਦੇ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਅਧੀਨ ਗੁਰਪਤਵੰਤ ਪੰਨੂ ‘ਤੇ ਮੁਕੱਦਮਾ ਚਲਾ ਕੇ ਭਾਰਤੀ ਭਾਈਚਾਰੇ ਵਿਚ ਸੁਰੱਖਿਆ ਭਾਵਨਾ ਬਹਾਲ ਕਰਨੀ ਚਾਹੀਦੀ ਹੈ।