ਲੁਧਿਆਣਾ, 1 ਨਵੰਬਰ 2023- ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਪੀਏਯੂ ਲੁਧਿਆਣਾ ਵਿਖੇ ਮੈਂ ਪੰਜਾਬ ਬੋਲਦਾ ਹਾਂ, ਓਪਨ ਡਿਬੇਟ ਵਿਚ SYL ਬਾਰੇ ਨਵਾਂ ਖੁਲਾਸਾ ਕਰਦਿਆਂ ਹੋਇਆ, ਉਹ ਦਸਤਾਵੇਜ਼ ਪੇਸ਼ ਕੀਤੇ, ਜਿਹੜੇ ਪਹਿਲੋਂ ਕਦੇ ਪੰਜਾਬੀਆਂ ਨੇ ਵੇਖੇ ਹੀ ਨਹੀਂ ਸਨ। ਸੀਐਮ ਮਾਨ ਨੇ ਕਿਹਾ ਕਿ, ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ-ਅਕਾਲੀ ਦਲ ਤੇ ਭਾਜਪਾ ਤਿੰਨ ਪਾਰਟੀਆਂ ਸੱਤਾ ‘ਚੋਂ ਬਾਹਰ ਹੋਈਆਂ ਨੇ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਇਨ੍ਹਾਂ ਨੂੰ ਸਵਾਲ ਕੀਤੇ ਨੇ ਨਹੀਂ ਪਹਿਲਾਂ ਤਾਂ ਇਹ ਆਪਸ ‘ਚ ਰਲ਼ੇ ਹੁੰਦੇ ਸੀ ਤੇ ਇੱਕ-ਦੂਜੇ ਨੂੰ ਸਵਾਲ ਹੀ ਨਹੀਂ ਕਰਦੇ ਸੀ। ਪਰ ਅੱਜ ਮੈਂ ਸਭ ਦੇ ਕੱਚੇ-ਚਿੱਠੇ ਤੁਹਾਡੇ ਸਾਹਮਣੇ ਰੱਖਾਂਗਾ।
ਉਨ੍ਹਾਂ ਕਿਹਾ ਕਿ, ਪੰਜਾਬ ਨਾਲ ਹੋਇਆ ਪਾਣੀਆਂ ਦੇ ਮੁੱਦੇ ‘ਤੇ ਸਭ ਤੋਂ ਪਹਿਲਾ ਵਿਤਕਰਾ,ਹਰਿਆਣਾ ਤੇ ਪੰਜਾਬ ਵਿਚਕਾਰ ਪਾਣੀ ਦੀ ਵੰਡ ਲਈ “ਪੰਜਾਬ ਪੁਨਰਗਠਨ ਐਕਟ, 1966” ਵੱਖਰੇ ਤੌਰ ‘ਤੇ ਬਣਾਇਆ ਗਿਆ। ਇਸ ਮੁਤਾਬਕ ਵੰਡ 60:40 ਦੇ ਅਨੁਪਾਤ ਨਾਲ਼ ਕੀਤੀ ਗਈ। ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ 24.3.1976 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਤੇ ਹਰਿਆਣਾ ਵਿਚਕਾਰ 50:50 ਦੇ ਹਿਸਾਬ ਨਾਲ ਪਾਣੀਆਂ ਦੀ ਵੰਡ ਕੀਤੀ, ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਸੀ। ਪ੍ਰਕਾਸ਼ ਸਿੰਘ ਬਾਦਲ ਨੇ 1977 ‘ਚ ਸਰਕਾਰ ਬਣਾਈ ਤੇ 3 ਸਾਲ ਤੱਕ ਸੱਤਾ ‘ਚ ਰਹੇ। ਇਸ ਸਮੇਂ ਦੌਰਾਨ ਬਾਦਲ ਸਰਕਾਰ ਨੇ ਇੱਕ ਵਾਰ ਵੀ SYL ਦੀ ਉਸਾਰੀ ਦਾ ਕੰਮ ਨਹੀਂ ਰੋਕਿਆ। ਸਗੋਂ 23,617 ਨੰਬਰ ਪੱਤਰ ਰਾਹੀਂ SYL ਦੀ ਉਸਾਰੀ ਲਈ ਹੋਰ 3 ਕਰੋੜ ਹੋਰ ਮੰਗ ਲਏ। ਅਕਾਲੀ ਦਲ ਦੀ ਸਰਕਾਰ ਨੇ SYL ਬਣਾਉਣ ਲਈ ₹1.5 ਕਰੋੜ ਹਰਿਆਣਾ ਸਰਕਾਰ ਤੋਂ ਪ੍ਰਾਪਤ ਕੀਤੇ। ਪ੍ਰਕਾਸ਼ ਸਿੰਘ ਬਾਦਲ ਨੇ SYL ਦੀ ਉਸਾਰੀ ਲਈ ਜ਼ਮੀਨ ਬਹੁਤ ਘੱਟ ਸਮੇਂ ‘ਚ ਐਕਵਾਇਰ ਕਰ ਲਈ। ਇਸ ਪੰਜਾਬ ਵਿਰੋਧੀ ਫ਼ੈਸਲੇ ਲਈ ਹਰਿਆਣਾ ਦੇ CM ਵੱਲੋਂ ਬਾਦਲ ਸਾਬ੍ਹ ਦਾ ਹਰਿਆਣਾ ਵਿਧਾਨ ਸਭਾ ‘ਚ ਧੰਨਵਾਦ ਵੀ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਜੇਲ੍ਹ ‘ਚ ਬੈਠੇ ਵੀ ਕੇਂਦਰ ਸਰਕਾਰ ਨੂੰ ਚਿੱਠੀਆਂ ਭੇਜ SYL ਨਹਿਰ ਬਣਾਉਣ ਲਈ ਕਹੀ ਗਏ। SYL ਦਾ ਸਭ ਤੋਂ ਵੱਧ ਨਿਰਮਾਣ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ ਸੀ।
CM ਨੇ ਦੱਸਿਆ ਕਿਸ ਤਰ੍ਹਾਂ ਰਵਾਇਤੀ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਕਰਕੇ ਤਿਆਗੇ ਪੰਜਾਬੀਆਂ ਦੇ ਹਿੱਤ। ਜੇ 2002 ਤੋਂ ਪਹਿਲਾਂ ਸਾਰੇ ਸਮਝੌਤੇ ਰੱਦ ਕਰ ਦਿੰਦੇ ਤਾਂ ਅੱਜ ਵਾਲਾ ਸਿਆਪਾ ਨਹੀਂ ਸੀ ਪੈਣਾ। ਤਿੰਨ ਵਾਰ ਮੌਕਾ ਆਇਆ ਕਿ ਜਿਸ ਸਮੇਂ SYL ਦੇ ਮੁੱਦੇ ਦਾ ਪੱਕਾ ਹੱਲ ਹੋ ਸਕਦਾ ਸੀ ਕਿਉਂਕਿ ਇਨ੍ਹਾਂ ਮੌਕਿਆਂ ‘ਤੇ ਕੇਂਦਰ ਪੰਜਾਬ ਤੇ ਹਰਿਆਣਾ ‘ਚ ਇੱਕੋ ਪਾਰਟੀ ਦੀ ਸਰਕਾਰ ਹੁੰਦੀ ਸੀ। ਮਾਣਯੋਗ ਸੁਪਰੀਮ ਕੋਰਟ ‘ਚ SYL ਵਾਲੇ ਕੇਸ ‘ਚ ਪੰਜਾਬ ਖ਼ਿਲਾਫ਼ ਤਿੰਨ ਫ਼ੈਸਲੇ ਹੋਏ ਪਰ ਕਾਂਗਰਸੀ ਤੇ ਅਕਾਲੀਆਂ ਨੇ ਇੱਕ ਦਾ ਵੀ ਵਿਰੋਧ ਨਹੀਂ ਕੀਤਾ। ਸਾਡੀ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ‘ਚ ਹੋਈਆਂ ਸੁਣਵਾਈਆਂ ‘ਚ ਕੋਈ ਵੀ ਹਲਫਨਾਮਾ ਦਾਇਰ ਨਹੀਂ ਕੀਤਾ ਗਿਆ। ਸੀਐਮ ਮਾਨ ਨੇ ਕਿਹਾ ਕਿ, ਮੈਂ ਅੱਜ ਵੀ ਆਪਣੀ ਗੱਲ ‘ਤੇ ਖੜ੍ਹਾ ਹਾਂ ਕਿ ਹਰਿਆਣਾ ਪਾਣੀ ਯਮੂਨਾ ‘ਚੋਂ ਲਵੇ ਤੇ SYL ਦੀ ਥਾਂ YSL ਦੀ ਉਸਾਰੀ ਹੋਵੇ।