ਬ੍ਰਿਸਬੇਨ, 23 ਅਕਤੂਬਰ, 2023: ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਸਿੱਖ ਧਰਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੁਆਰਾ ਪਾਏ ਸਿੱਖ ਸਮਾਜ ਲਈ ਅਣਮੁੱਲੇ ਯੋਗਦਾਨ ਬਾਬਤ ਵਿਚਾਰ ਗੋਸ਼ਟੀ ਸਮਾਰੋਹ ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ, ਬਿਸ੍ਰਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ।
ਸਮਾਰੋਹ ਦੀ ਸ਼ੁਰੂਆਤ ਮਾਝਾ ਯੂਥ ਕਲੱਬ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਨਾਲ ਹੋਈ। ਮੰਚ ਸੰਚਾਲਕ ਹਰਮਨਦੀਪ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਲੇਖਿਕਾ ਜੱਸੀ ਧਾਲੀਵਾਲ ‘ਤੇ ਪਰਚਾ ਪੜ੍ਹਿਆ।
ਬੱਚੀ ਸਹਿਜਰੀਤ ਕੌਰ ਅਤੇ ਰੀਤਪਾਲ ਕੌਰ ਦੀ ਪੰਜਾਬੀ ਕਵਿਤਾ ਸਰਾਹੀ ਗਈ। ਦਿਨੇਸ਼ ਸ਼ੇਖੂਪੁਰੀ ਨੇ ਆਪਣੀ ਕਵਿਤਾ ‘ਚ ਧਰਮ ਅਤੇ ਸਮਾਜਿਕ ਵਰਤਾਰਿਆਂ ਨੂੰ ਬਾਖੂਬੀ ਪਰੋਸਿਆ। ਬ੍ਰਿਸਬੇਨ ਤੋਂ ਗ਼ਜ਼ਲਗੋ ਜਸਵੰਤ ਵਾਗਲਾ ਦੀ ਤਿੱਖੀ ਸ਼ਾਇਰੀ ਨੂੰ ਸਲਾਹਿਆ ਗਿਆ ਅਤੇ ਉਹਨਾਂ ਗਿਆਨੀ ਜੀ ਦੀ ਯਾਦ ਵਿੱਚ ਪ੍ਰੋਗਰਾਮ ਉਲੀਕਣੇ ਸਮੇਂ ਦੀ ਮੰਗ ਕਿਹਾ। ਵਰਿੰਦਰ ਅਲੀਸ਼ੇਰ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ ਜਿਹਨਾਂ ਦੀ ਸਿੱਖ ਇਤਿਹਾਸ ਵਿੱਚ ਚਰਚਾ ਨਾਂਹ ਦੇ ਬਰਾਬਰ ਹੀ ਹੋਈ ਹੈ ਅਤੇ ਦਿੱਤ ਸਿੰਘ ਵੀ ਸਾਡੀ ਅਣਗੌਲਿਆਂ ਦੀ ਸੂਚੀ ‘ਚੋਂ ਇਕ ਹਨ। ਮਾਝਾ ਯੂਥ ਕਲੱਬ ਤੋਂ ਗੁਰਵਿੰਦਰ ਕੌਰ ਅਨੁਸਾਰ ਇਤਿਹਾਸ ਦੀ ਸਿਰਜਣਾ ਇਹ ਕਹਿ ਕਿ ਨਹੀਂ ਕੀਤੀ ਜਾ ਸਕਦੀ ਕਿ ਮੈਨੂੰ ਇਤਿਹਾਸ ਸਿਰਜਣ ਦਿਉ; ਉਸ ਲਈ ਸਿਦਕ, ਕਰੜੀ ਘਾਲਣਾ, ਵਿਰੋਧ, ਤਸ਼ੱਦਤ ਜ਼ੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਪੈਦੀ ਹੈ ਜੋ ਕਿ ਗਿਆਨੀ ਜੀ ਉਸ ਦੀ ਜਿਊਦੀ ਜਾਗਦੀ ਮਿਸਾਲ ਹਨ।