ਵੈਨਕੂਵਰ, 23 ਅਕਤੂਬਰ – ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਦੂਤਘਰ ਦਾ ਖਾਲਿਸਤਾਨ ਸਮਰਥਕਾਂ ਨੇ ਇਕ ਵਾਰ ਫਿਰ ਘਿਰਾਓ ਕੀਤਾ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਇਸ ਦੇ ਨਾਲ ਹੀ ਖਾਲਿਸਤਾਨ ਸਮਰਥਕਾਂ ਨੇ ਦੁਸਹਿਰੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦਾ ਐਲਾਨ ਵੀ ਕੀਤਾ। ਕਾਰ ਰੈਲੀ ਫਲਾਪ ਹੋਣ ਤੋਂ ਬੌਖਲਾਏ ਖਾਲਿਸਤਾਨ ਸਮਰਥਕ ਇਹ ਸਾਰੀ ਕਾਰਵਾਈ ਕਰ ਰਹੇ ਹਨ।
ਖਾਲਿਸਤਾਨ ਸਮਰਥਕਾਂ ਨੇ ਬੀਤੇ ਦਿਨ ਵੈਨਕੂਵਰ ਵਿੱਚ ਕਾਰ ਰੈਲੀ ਕਰਨ ਦਾ ਐਲਾਨ ਕੀਤਾ ਸੀ। ਰੈਲੀ ਵਿੱਚ ਕੁਝ ਹੀ ਵਾਹਨ ਨਜ਼ਰ ਆਏ। ਵਿਰੋਧ ਪ੍ਰਦਰਸ਼ਨ ਦੇ ਫਲਾਪ ਹੋਣ ਤੋਂ ਨਿਰਾਸ਼ ਖਾਲਿਸਤਾਨੀ ਸਮਰਥਕਾਂ ਨੇ ਵੈਨਕੂਵਰ ਸਥਿਤ ਭਾਰਤੀ ਦੂਤਘਰ ਵੱਲ ਰੁਖ਼ ਕੀਤਾ। ਇੱਥੇ ਉਨ੍ਹਾਂ ਨੇ ਤਿਰੰਗੇ ਦਾ ਅਪਮਾਨ ਕੀਤਾ। ਇਸ ਦੌਰਾਨ ਕੈਨੇਡੀਅਨ ਪੁਲੀਸ ਦੇ ਮੁਲਾਜ਼ਮ ਵੀ ਨੇੜੇ ਹੀ ਮੌਜੂਦ ਸਨ ਪਰ ਉਨ੍ਹਾਂ ਨੇ ਨਾ ਤਾਂ ਖਾਲਿਸਤਾਨੀਆਂ ਨੂੰ ਰੋਕਿਆ ਅਤੇ ਨਾ ਹੀ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਖਾਲਿਸਤਾਨੀ ਸਮਰਥਕਾਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਟ ਆਊਟ ਵੀ ਤਿਆਰ ਕੀਤਾ। ਖਾਲਿਸਤਾਨ ਸਮਰਥਕਾਂ ਨੇ ਉਸ ਨੂੰ ਜ਼ੰਜੀਰਾਂ ਪਾ ਦਿੱਤੀਆਂ ਅਤੇ ਉਸ ਨੂੰ ਸੜਕ ਤੇ ਚਲਾਇਆ। ਖਾਲਿਸਤਾਨੀ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੈ। ਜਿਸ ਕਾਰਨ ਭਾਰਤ ਅਤੇ ਕੈਨੇਡਾ ਦਰਮਿਆਨ ਸਿਆਸੀ ਦੂਰੀ ਪੈਦਾ ਹੋ ਗਈ ਹੈ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੇ ਦੁਸਹਿਰਾ ਮਨਾਉਣ ਦਾ ਐਲਾਨ ਵੀ ਕੀਤਾ ਪਰ ਇਸ ਦੌਰਾਨ ਉਹ ਰਾਵਣ ਦਾ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਜਾ ਰਹੇ ਹਨ। ਇਸ ਦੇ ਲਈ ਖਾਲਿਸਤਾਨੀ ਸਮਰਥਕਾਂ ਵੱਲੋਂ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ।