ਸਰੀ, 23 ਅਕਤੂਬਰ, 2023: ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਅਤੇ ਬ੍ਰਿਟਿਸ਼ ਕੋਲੰਬੀਆ ਦੀਆਂ 22 ਹੋਰ ਸਿੱਖ ਸੋਸਾਇਟੀਆਂ ਨੇ ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਰਾਹੀਂ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਭੇਜੀ ਇਕ ਮੇਲ ਰਾਹੀਂ ਮੰਗ ਕੀਤੀ ਹੈ ਕਿ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਦੀ ਯਾਤਰਾ ਲਈ ਈ-ਵੀਜ਼ਾ ਜਾਰੀ ਕਰਨ ਅਤੇ BLS ਦੁਆਰਾ ਜਾਰੀ ਕੀਤੇ ਜਾਂਦੇ ਵਿਅਕਤੀਗਤ ਅਰਜ਼ੀ ਵੀਜ਼ਾ ‘ਤੇ ਲਾਈਆਂ ਪਾਬੰਦੀਆਂ ਹਟਾਈਆਂ ਜਾਣ।
ਖਾਲਸਾ ਦੀਵਾਨ ਸੋਸਾਇਟੀ, ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦੇ ਦਸਤਖਤਾਂ ਹੇਠ ਲਿਖੇ ਇਸ ਪੱਤਰ ਰਾਹੀਂ ਸਿੱਖ ਸੋਸਾਇਟੀਆਂ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਅਰਜ਼ੀਆਂ ਅਤੇ ਨਾਗਰਿਕਾਂ ਲਈ ਪ੍ਰਵਾਨਗੀ ਵਿੱਚ ਕੀਤੀਆਂ ਕੁਝ ਤਬਦੀਲੀਆਂ ਸੈਰ-ਸਪਾਟਾ ਸੀਜ਼ਨ ਦੌਰਾਨ ਭਾਰਤ ਦੀ ਯਾਤਰਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਭਾਰਤ ਵਿੱਚ ਵੀ ਸੇਵਾ ਅਤੇ ਪ੍ਰਚੂਨ ਉਦਯੋਗ ਉੱਪਰ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਕਿਹਾ ਹੈ ਕਿ ਸਰਦੀਆਂ ਦੇ ਮਹੀਨਿਆਂ ਦੌਰਾਨ ਪੰਜਾਬ ਵਿੱਚ ਬਹੁਤ ਸਾਰੇ ਕਾਰੋਬਾਰ ਸੈਰ-ਸਪਾਟਾ ਕਾਰੋਬਾਰ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਇਲਾਵਾ ਬਹੁਤੇ ਲੋਕ ਭਾਰਤ ਵਿੱਚ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਵਿਆਹ ਦੇ ਪ੍ਰਬੰਧਾਂ ਲਈ ਉਹ ਪਹਿਲਾਂ ਹੀ ਕਾਫੀ ਪੈਸਾ ਵੀ ਖਰਚ ਕਰ ਚੁੱਕੇ ਹਨ ਪਰ ਉਹਨਾਂ ਕੋਲ ਵੀਜ਼ਾ ਨਾ ਹੋਣ ਕਾਰਨ ਉਹ ਭਾਰਤ ਵਿਚ ਆਉਣ ਤੋਂ ਅਸਮਰੱਥ ਹਨ। ਸਿੱਖ ਸੋਸਾਇਟੀਆਂ ਨੇ ਕਿਹਾ ਹੈ ਕਿ ਜੇ ਭਾਰਤ ਸਰਕਾਰ ਲੋਕਾਂ ਦੀ ਚਿੰਤਾ ਅਤੇ ਛੋਟੇ ਕਾਰੋਬਾਰੀਆਂ ਦੇ ਹਿਤ ਸਮਝ ਕੇ ਵੀਜ਼ਾ ਅਰਜ਼ੀ ਅਤੇ ਮਨਜ਼ੂਰੀ ਕਾਰਵਾਈ ਬਹਾਲ ਕਰ ਦੇਵੇ ਤਾਂ ਸਾਰੀਆਂ ਸੰਸਥਾਵਾਂ ਭਾਰਤ ਸਰਕਾਰ ਦੀਆਂ ਬੇਹੱਦ ਧੰਨਵਾਦੀ ਹੋਣਗੀਆਂ।
ਇਹ ਅਪੀਲ ਕਰਨ ਵਾਲੀਆਂ ਸਿੱਖ ਸਸਾਇਟੀਆਂ ਵਿਚ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ, ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ, ਸ੍ਰੀ ਗੁਰੂ ਰਵਿਦਾਸ ਸਭਾ ਬਰਨਬੀ, ਗੁਰਦੁਆਰਾ ਨਾਨਕ ਨਿਵਾਸ ਰਿਚਮੰਡ, ਖਾਲਸਾ ਦੀਵਾਨ ਸੋਸਾਇਟੀ ਯਾਰਕ ਸੈਂਟਰ ਸਰੀ, ਬੀਅਰ ਕਰੀਕ ਹਾਲ ਗੁਰਦੁਆਰਾ ਸਰੀ, ਗੁਰੂ ਗੋਬਿੰਦ ਸਿੰਘ ਟੈਂਪਲ ਪ੍ਰਿੰਸ ਜਾਰਜ, ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ, ਕਰੀਬੂ ਗੁਰਸਿੱਖ ਟੈਂਪਲ ਕਿਊਜ਼ਨੇਲ, ਵੈਨਕੂਵਰ ਆਈਲੈਂਡ ਸਿੱਖ ਕਲਚਰਲ ਸੁਸਾਇਟੀ ਡੰਕਨ, ਓਕਾਨਾਗਨ ਸਿੱਖ ਟੈਂਪਲ ਕੇਲੋਨਾ, ਮਿਸ਼ਨ ਸਿੱਖ ਟੈਂਪਲ ਮਿਸ਼ਨ, ਗੁਰਦੁਆਰਾ ਸਾਹਿਬ ਮੀਰੀ-ਪੀਰੀ ਖਾਲਸਾ ਦਰਬਾਰ ਟੈਰੇਸ, ਖਾਲਸਾ ਦੀਵਾਨ ਸੋਸਾਇਟੀ ਸਿੱਖ ਟੈਂਪਲ ਵਿਕਟੋਰੀਆ, ਖਾਲਸਾ ਦੀਵਾਨ ਸੋਸਾਇਟੀ ਨੋਨਾਇਮੋ, ਗੁਰੂ ਨਾਨਕ ਸਿੱਖ ਸੋਸਾਇਟੀ ਕੈਂਪਬੈਲ ਰਿਵਰ, ਸਿੱਖ ਟੈਂਪਲ ਸੁਕਾਮਿਸ਼, ਸਿੱਖ ਕਲਚਰਲ ਸੁਸਾਇਟੀ ਕੈਮਲੂਪਸ, ਮੈਰਿਟ ਸਿੱਖ ਟੈਂਪਲ ਮੈਰਿਟ, ਅਲਬਰਨੀ ਵੈਲੀ ਗੁਰਦੁਆਰਾ ਸੁਸਾਇਟੀ ਪੋਰਟ ਅਲਬਰਨੀ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਰੀ ਸ਼ਾਮਲ ਹਨ।