ਅੰਮ੍ਰਿਤਸਰ, 6 ਜੂਨ, 2023: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸੂਰਜ ਪੱਛਮ ਤੋਂ ਚੜ੍ਹ ਸਕਦੈ ਪਰ ਸਿੱਖ ਕੌਮ 1984 ਨੂੰ ਕਦੇ ਨਹੀਂ ਭੁੱਲ ਸਕਦੇ।
ਅਪਰੇਸ਼ਨ ਬਲੂ ਸਟਾਰ ਦੀ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂ ਸੰਦੇਸ਼ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਜੁੱਟ ਹੋਣ ਅਤੇ ਆਪਣੇ ਆਪਸੀ ਮਤਭੇਦ ਭੁਲਾਉਣ ਦਾ ਸੱਦਾ ਦਿੱਤਾ।
ਉਹਨਾਂ ਇਹ ਵੀ ਕਿਹਾ ਕਿ ਜਾਣ ਬੁੱਝ ਕੇ ਇਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਸਿੱਖ ਘੱਟ ਗਿਣਤੀ ਵਿਚ ਰਹਿ ਗਏ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਪਿੰਡਾਂ ਵਿਚ ਕਾਫਲੇ ਬੰਨ ਕੇ ਤੁਰੀਏ। ਉਹਨਾਂ ਕਿਹਾ ਕਿ ਨਸ਼ਿਆਂ ਰਾਹੀਂ ਸਾਡੀ ਪੀੜੀ ਨੂੰ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਸਾਡੇ ਤੋਂ ਦੂਰ ਹੋ ਚੁੱਕੇ ਹਨ, ਪਤਿਤ ਹੋ ਚੁੱਕੇ ਹਨ, ਨਸ਼ਿਆਂ ਵਿਚ ਗ੍ਰਸਤ ਹੋ ਚੁੱਕੇ ਹਨ, ਉਹਨਾਂ ਨੂੰ ਮੁੜ ਮੋੜ ਕੇ ਲਿਆਈਏ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੋੜੀਏ।
ਉਹਨਾਂ ਸਿੱਖਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਨਾਮ ਬਾਣੀ ਨਾਲ ਜੋੜਨ ਅਤੇ ਸਿੱਖ ਸ਼ਕਤੀ ਸੰਭਾਲਣ ਤਾਂ ਸਾਨੂੰ ਸਰਕਾਰਾਂ ਤੋਂ ਕੋਈ ਭੀਖ ਮੰਗਣ ਦੀ ਲੋੜ ਨਹੀਂ ਹੈ ਤੇ ਜੋ ਸਾਡੇ ਦਿਲਾਂ ਵਿਚ ਹੈ, ਅਸੀਂ ਆਪ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਜੇਕਰ ਸਿੱਖ ਸ਼ਕਤੀ ਇਕੱਠੀ ਹੋ ਜਾਵੇ ਤਾਂ ਅਸੀਂ ਸਰਕਾਰਾਂ ਨੂੰ ਝੁਕਾ ਸਕਦੇ ਹਾਂ।