ਸ਼ੋਪੀਆਂ, 10 ਅਕਤੂਬਰ – ਕਸ਼ਮੀਰ ਦੇ ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸ਼ੋਪੀਆਂ ਦੇ ਅਲਸ਼ੀਪੋਰਾ ਵਿੱਚ ਲਸ਼ਕਰ-ਏ-ਤਇਬਾ ਦੇ ਦੋ ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਦੀ ਸੂਚਨਾ ਮਿਲਣ ਤੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ, ਜਿਸ ਵਿਚ ਦੋ ਅੱਤਵਾਦੀ ਮਾਰੇ ਗਏ ਹਨ। ਭਾਰਤੀ ਸੁਰੱਖਿਆ ਬਲ ਅਤੇ ਪੁਲੀਸ ਪੂਰੀ ਤਾਕਤ ਨਾਲ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਿੱਚ ਲੱਗੀ ਹੋਈ ਹੈ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਆਪਣੀ ਸਥਿਤੀ ਕਾਇਮ ਰੱਖੀ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਲਸ਼ੀਪੋਰਾ ਇਲਾਕੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਅੱਜ ਤੜਕੇ ਤੋਂ ਹੀ ਮੁਕਾਬਲਾ ਚੱਲ ਰਿਹਾ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਲਸ਼ਕਰ-ਏ-ਤਇਬਾ ਦੇ ਇਕ ਅੱਤਵਾਦੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਬੈਂਕ ਗਾਰਡ ਸੰਜੇ ਸ਼ਰਮਾ ਦੀ ਹੱਤਿਆ ਕਰ ਦਿੱਤੀ ਸੀ।
ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਮੋਰੀਫ਼ਤ ਮਕਬੂਲ ਤੇ ਜਾਜਿਮ ਫਾਰੂਕ ਉਰਫ਼ ਅਬਰਾਰ ਵਜੋਂ ਹੋਈ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ ਵਿਜੇ ਕੁਮਾਰ ਨੇ ਟਵਿੱਟਰ ਤੇ ਇੱਕ ਪੋਸਟ ਵਿੱਚ ਕਿਹਾ ਕਿ ਅੱਤਵਾਦੀ ਅਬਰਾਰ, ਮਰਹੂਮ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੀ ਹੱਤਿਆ ਵਿੱਚ ਸ਼ਾਮਲ ਸੀ।