ਚੰਡੀਗੜ੍ਹ, 5 ਅਕਤੂਬਰ – ਐਨ ਐਸ ਕਿਊ ਐਫ ਅਧਿਆਪਕਾਂ ਦੀ ਇੱਥੇ ਪੰਜਾਬ ਭਵਨ ਵਿੱਚ ਕੈਬਿਨਟ ਸਬ ਕਮੇਟੀ ਨਾਲ ਮੀਟਿੰਗ ਹੋਈ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸਿੱਖਿਆ ਸਕੱਤਰ, ਏ ਡੀ ਐਨ ਐਸ ਕਿਊ ਐਫ ਪੰਜਾਬ ਰਾਜੇਸ਼ ਭਾਰਦਵਾਜ ਤੋਂ ਇਲਾਵਾ ਹੋਰ ਅਫਸਰ ਮੌਜੂਦ ਸਨ।
ਯੂਨੀਅਨ ਵਲੋਂ ਮੀਟਿੰਗ ਵਿੱਚ ਉਠਾਈਆਂ ਗਈਆਂ ਮੁੱਖ ਮੰਗਾਂ ਵਿੱਚ ਹਰਿਆਣਾ ਤਰਜ ਤੇ ਤਨਖਾਹ ਵਾਧਾ, ਕੰਪਨੀਆਂ ਬਾਹਰ ਕਰਕੇ ਵੋਕੇਸ਼ਨਲ ਅਧਿਆਪਕਾਂ ਨੂੰ ਜਾਬ ਸੁਰੱਖਿਆ ਪ੍ਰਦਾਨ ਕਰਨਾ, ਆਪਣੇ ਘਰ ਤੋਂ ਦੂਰ ਬੈਠੇ ਅਧਿਆਪਕਾਂ ਦੇ ਸੰਬੰਧ ਵਿੱਚ ਟਰਾਂਸਫਰ ਪਾਲਿਸੀ ਬਣਾਉਣ ਦੀ ਮੰਗ ਸ਼ਾਮਿਲ ਹਨ।
ਮੀਟਿੰਗ ਦੌਰਾਨ ਜਿਹਨਾਂ ਕੰਪਨੀਆਂ ਵਲੋਂ ਤਨਖਾਹ ਜਾਰੀ ਕਰਨ ਵਿੱਚ ਦੇਰੀ ਕੀਤੀ ਜਾਂਦੀ ਹੈ ਉਹਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਰੱਖਿਆ ਗਿਆ ਅਤੇ ਹਰ ਮਹੀਨੇ 5 ਤੋਂ 7 ਤਾਰੀਖ ਤੱਕ ਤਨਖਾਹ ਜਾਰੀ ਕਰਨ ਦਾ ਕਿਹਾ ਗਿਆ।
ਯੂਨੀਅਨ ਵਲੋਂ ਮੰਗ ਕੀਤੀ ਗਈ ਕਿ 7.5 ਫੀਸਦੀ ਇੰਕਰੀਮੈਂਟ ਜਾਰੀ ਕੀਤਾ ਜਾਵੇ ਜਿਸ ਬਾਰੇ ਵਿਭਾਗੀ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਵਿੱਤ ਵਿਭਾਗ ਵਿੱਚ ਈਸੀਐਫਏ ਦੀ ਪੋਸਟ ਖ਼ਾਲੀ ਹੋਣ ਕਾਰਨ ਦੇਰੀ ਹੋ ਰਹੀ ਹੈ, ਇਸ ਬਾਰੇ ਜਲਦੀ ਪੁਖਤਾ ਪ੍ਰਬੰਧ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਕੈਬਿਨਟ ਸਬ ਕਮੇਟੀ ਵਲੋਂ ਪੂਰੀ ਗੱਲ ਸੁਣਨ ਤੋਂ ਬਾਅਦ ਅਫਸਰਾਂ ਨੂੰ ਹਦਾਇਤ ਦਿੱਤੀ ਗਈ ਕਿ ਜਿੰਨਾ ਜਲਦੀ ਸੰਭਵ ਹੈ ਇਹਨਾਂ ਦੇ ਕੇਸ ਨੂੰ ਸਟੱਡੀ ਕਰਕੇ ਸਾਨੂੰ ਰਿਪੋਰਟ ਕਰੋ ਤਾਂ ਜੋ ਇਹਨਾਂ ਲਈ ਠੋਸ ਨੀਤੀ ਬਣਾਈ ਜਾਵੇ।
ਮੀਟਿੰਗ ਦੌਰਾਨ ਸਾਹਿਬ ਸਿੰਘ ਸਿੱਧੂ (ਸੂਬਾ ਪ੍ਰਧਾਨ) ਅਤੇ ਹੋਰ ਅਹੁਦੇਦਾਰ ਰਸ਼ਪ੍ਰੀਤ ਸਿੰਘ, ਗੁਰਲਾਲ ਸਿੰਘ ਸਿੱਧੂ, ਜਰਨੈਲ ਸਿੰਘ ਸਰਾਂ, ਜਸਵਿੰਦਰ ਸਿੰਘ ਸਿੱਧੂ, ਗਗਨਦੀਪ ਸਿੰਘ, ਮਨੋਜ ਚੌਧਰੀ, ਖੁਸ਼ਪ੍ਰੀਤ ਸਿੰਘ, ਤਲਵਿੰਦਰ ਸਿੰਘ, ਬਲਜਿੰਦਰ ਸਿੰਘ, ਮਨੀਤ ਸ਼ਰਮਾ, ਲਲਿਤ ਕੁਮਾਰ ਹਾਜਰ ਸਨ।