ਐਸ ਏ ਐਸ ਨਗਰ, 29 ਸਤੰਬਰ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਵਿਅਕਤੀ ਨੂੰ ਪਤਨੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਰਜਿੰਦਰਗੜ ਥਾਣਾ ਬਡਾਲੀ ਆਲਾ ਸਿੰਘ ਜਿਲ੍ਹਾ ਫਤਿਹਗੜ ਸਾਹਿਬ ਨੇ ਸ਼ਿਕਾਇਤ ਦਿੱਤੀ ਸੀ ਕਿ 2011 ਵਿੱਚ ਉਸ ਦੀ ਛੋਟੀ ਭੈਣ ਰੁਪਿੰਦਰ ਕੌਰ ਦਾ ਵਿਆਹ ਨਿਰਮਲ ਸਿੰਘ ਵਾਸੀ ਪਿੰਡ ਚਾਉ ਮਾਜਰਾ (ਥਾਣਾ ਸੋਹਾਣਾ) ਨਾਲ ਹੋਇਆ ਸੀ। ਉਸਦੇ ਦੋ ਬੱਚੇ ਵੱਡੀ ਬੇਟੀ ਲਵਲੀਨ ਕੌਰ ਉਮਰ ਕਰੀਬ 11 ਸਾਲ ਤੋਂ ਛੋਟਾ ਬੇਟਾ ਬਬਨਪ੍ਰੀਤ ਸਿੰਘ ਉਮਰ ਕਰੀਬ 8 ਸਾਲ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਜੀਜਾ ਨਿਰਮਲ ਸਿੰਘ ਜੋ ਫਾਇਰ ਬ੍ਰਿਗੇਡ ਮਹਿਕਮਾ ਵਿੱਚ ਕੱਚੇ ਤੌਰ ਤੇ ਸਰਹੰਦ ਵਿਖੇ ਨੌਕਰੀ ਕਰਦਾ ਹੈ, ਸ਼ਰਾਬ ਪੀਣ ਦਾ ਆਦੀ ਹੈ। ਜੋ ਅਕਸਰ ਉਸ ਦੀ ਭੈਣ ਨਾਲ ਘਰ ਆ ਕੇ ਲੜਦਾ ਝਗੜਦਾ ਰਹਿੰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਨਿਰਮਲ ਸਿੰਘ ਉਸਦੀ ਭੈਣ ਨੂੰ ਜਾਨੋ ਮਾਰਨ ਦੀ ਵੀ ਧਮਕੀ ਦਿੰਦਾ ਸੀ।
ਸ਼ਿਕਾਇਤ ਕਰਤਾ ਅਨੁਸਾਰ ਬੀਤੀ 16 ਸਤੰਬਰ ਨੂੰ ਰੁਪਿੰਦਰ ਕੌਰ ਦੇ ਸਹੁਰੇ ਹਰਬੰਸ ਸਿੰਘ ਨੇ ਉਹਨਾਂ ਦੇ ਭਰਾ ਹਰਿੰਦਰ ਸਿੰਘ ਨੂੰ ਕਾਲ ਕਰਕੇ ਦਸਿਆ ਕਿ ਤੁਹਾਡੀ ਭੈਣ ਠੀਕ ਨਹੀਂ ਹੈ ਜੋ ਬੇਸੁਧ ਪਈ ਹੈ ਤੁਸੀਂ ਜਲਦੀ ਆ ਜਾਉ, ਜਿਸ ਤੇ ਉਹ ਆਪਣੇ ਪਿਤਾ ਗੁਰਦੇਵ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੇ ਨਾਲ ਆਪਣੀ ਭੈਣ ਦੇ ਸਹੁਰੇ ਪਿੰਡ ਚਾਉ ਮਾਜਰਾ ਵਿਖੇ ਪੁੱਜੇ ਤਾਂ ਜਾ ਕੇ ਵੇਖਿਆ ਕਿ ਉਸਦੀ ਭੈਣ ਬੈਡ ਤੇ ਮਰੀ ਪਈ ਸੀ।
ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਨਿਰਮਲ ਸਿੰਘ ਨੇ ਉਸਦੀ ਭੈਣ ਰੁਪਿੰਦਰ ਕੌਰ ਦਾ ਚੂਨੀ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਹੈ ਅਤੇ ਇਸ ਬਾਰੇ ਉਸਦੀ ਭਾਣਜੀ ਲਵਲੀਨ ਕੌਰ (ਉਮਰ ਕਰੀਬ 11 ਸਾਲ) ਨੇ ਦਸਿਆ ਕਿ ਉਸਦੇ ਪਿਤਾ ਨੇ ਅੱਜ ਸਵੇਰੇ (ਜਦੋਂ ਉਹ ਸਕੂਲ ਜਾਣ ਲੱਗੇ ਸੀ) ਉਸਦੀ ਮੰਮੀ ਦੀ ਕੁੱਟਮਾਰ ਕੀਤੀ ਸੀ ਤੇ ਜਾਨੋ ਮਾਰਨ ਬਾਰੇ ਕਹਿੰਦਾ ਸੀ। ਜਦੋਂ ਉਹ ਸਕੂਲ ਤੋਂ ਕਰੀਬ 12:00 ਵਜੇ ਵਾਪਸ ਆਈ ਤਾਂ ਵੇਖਿਆ ਕਿ ਉਸ ਦੀ ਮੰਮੀ ਦੇ ਗਲ ਵਿੱਚ ਚੁੰਨੀ ਬੰਨੀ ਹੋਈ ਸੀ। ਜਿਸ ਨਾਲ ਉਸਦੀ ਮੰਮੀ ਦੀ ਮੌਤ ਹੋਈ ਹੈ। ਸ਼ਿਕਾਇਤ ਕਰਤਾ ਅਨੁਸਾਰ ਨਿਰਮਲ ਸਿੰਘ ਦੇ ਕਿਸੇ ਗੈਰ ਔਰਤ ਨਾਲ ਨਾਜਾਇਜ ਸਬੰਧ ਹੋਣ ਕਰਕੇ ਉਸਨੇ ਰੁਪਿੰਦਰ ਕੌਰ ਦੀ ਚੁੰਨੀ ਨਾਲ ਗਲਾ ਘੋਟ ਕੇ ਹੱਤਿਆ ਕੀਤੀ ਹੈ।
ਇਸ ਸਬੰਧੀ ਪੁਲੀਸ ਨੇ ਥਾਣਾ ਸੋਹਾਣਾ ਵਿੱਚ ਨਿਰਮਲ ਸਿੰਘ ਅਤੇ ਨਾ ਮਲੂਮ ਔਰਤ ਦੇ ਖਿਲਾਫ ਆਈ ਪੀ ਸੀ ਦੀ ਧਾਰਾ 302, 34 ਅਧੀਨ ਦਰਜ ਕੀਤਾ ਸੀ। ਸz. ਬੱਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਵਲੋਂ ਥਾਣਾ ਸੋਹਾਣਾ ਦੇ ਮੁੱਖ ਅਫਸਰ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।