ਐਸ ਏ ਐਸ ਨਗਰ, 20 ਸਤੰਬਰ – ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ‘ਯੂਨੀਵਰਸਲ ਡਿਸਏਬਲਡ ਕੇਅਰਟੇਕਰ ਸੋਸ਼ਲ ਵੈਲਫੇਅਰ ਸੁਸਾਇਟੀ’ ਦੀ ਇਕਾਈ ਪ੍ਰਭ ਆਸਰਾ ਟਰੱਸਟ ਦਾ ਦੌਰਾ ਕੀਤਾ ਜਿੱਥੇ ਬੇਸਹਾਰਾ ਮਾਨਸਿਕ ਤੌਰ ਤੇ ਬਿਮਾਰ, ਅਪਾਹਜ ਵਿਅਕਤੀਆਂ ਦੀ ਬਿਨਾਂ ਸ਼ਰਤ ਦੇਖਭਾਲ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਰਹਿਣ, ਇਲਾਜ ਅਤੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਂਦੇ ਹਨ।
ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਟਰੱਸਟ ਦੇ ਪ੍ਰਬੰਧਕਾਂ ਵੱਲੋਂ ਉਥੇ ਪਹੁੰਚੇ ਮੈਂਬਰਾਂ ਨੂੰ ਆਪਣੀ ਐਨ.ਜੀ.ਓ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਂਦਿਆਂ ਅਹਾਤੇ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਮੈਬਰਾਂ ਨੇ ਬੇਸਹਾਰਾ, ਮਾਨਸਿਕ ਤੌਰ ਤੇ ਬਿਮਾਰ ਅਤੇ ਅਪਾਹਜ ਵਿਅਕਤੀਆਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਖਾਤੇ ਵਿੱਚੋਂ 51,000 ਰੁਪਏ ਅਤੇ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਵੱਲੋਂ ਇੱਕਠੇ ਕੀਤੇ 21,000 ਰੁਪਏ ਪ੍ਰਭ ਆਸਰਾ ਟਰੱਸਟ ਨੂੰ ਮਾਲੀ ਸਹਾਇਤਾ ਵਜੋਂ ਦਿੱਤੇ ਅਤੇ ਭਵਿੱਖ ਵਿੱਚ ਹੋਰ ਮਦਦ ਕਰ ਦਾ ਭਰੋਸਾ ਦਿੱਤਾ।