ਅਬੋਹਰ / ਫਾਜ਼ਿਲਕਾ 26 ਜੂਨ : 24 ਜੂਨ ਨੂੰ ਅਬੋਹਰ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨੌਜਵਾਨ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਕਤਲ ਦੇ ਸਬੰਧ ਵਿੱਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਪਰ ਚਾਰ ਦੋਸ਼ੀਆਂ ਖਿਲਾਫ਼ ਸਾਜਿਸ਼ ਰਚ ਕੇ ਕਤਲ ਦਾ ਮੁਕੱਦਮਾ ਦਰਜ ਹੋਇਆ ਹੈ , ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਜਲਦ ਹੀ ਪੁਲਿਸ ਇਹਨਾਂ ਨੂੰ ਕਾਬੂ ਕਰਕੇ ਕਤਲ ਕਾਂਡ ਦਾ ਪਰਦਾਫਾਸ਼ ਕਰੇਗੀ ।
ਕਤਲ ਦੇ ਦੋਸ਼ੀਆਂ ਦੀ ਪਹਿਚਾਣ ਲਈ ਸੀਨੀਅਰ ਪੁਲਿਸ ਕਪਤਾਨ ਫਾਜ਼ਿਲਕਾ ਵੱਲੋਂ ਤਾਇਨਾਤ ਕੀਤੀ ਵਿਸ਼ੇਸ਼ ਟੀਮ ਤੋਂ ਇਲਾਵਾ ਐੱਸ ਪੀ ਇੰਟੈਲੀਜੈਂਸ ਡਿਵੀਜ਼ਨ ਫਿਰੋਜ਼ਪੁਰ ਸ਼੍ਰੀ ਦੇਸ ਰਾਜ ਵੱਲੋਂ ਵੀ ਅਬੋਹਰ ਪਹੁੰਚ ਕੇ ਚੱਲ ਰਹੀ ਕਾਰਵਾਈ ਦਾ ਜਾਇਜਾ ਲਿਆ ਜਾ ਚੱਕਿਆ ਹੈ ।
ਮ੍ਰਿਤਕ ਦੇ ਬਾਪ ਸ਼ਿਵ ਚਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗਲੀ ਨੰਬਰ 01 ਬਸੰਤ ਨਗਰ ਅਬੋਹਰ ਵੱਲੋਂ ਪੁਲਸ ਥਾਣਾ ਸਿਟੀ ਅਬੋਹਰ ਵਿੱਚ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦਾ ਲੜਕਾ ਗੁਰਵਿੰਦਰ ਸਿੰਘ ਸਬ ਇੰਸਪੈਕਟਰ ਸੀ ਆਈ ਡੀ ਯੂਨਿਟ ਫ਼ਾਜ਼ਿਲਕਾ ਵਿਖੇ ਤਾਇਨਾਤ ਹੈ ।
ਡਿਊਟੀ ਤੋਂ ਪਰਤਣ ਤੋਂ ਬਾਅਦ ਖਾਣਾ ਖਾ ਕੇ ਜਦੋਂ ਉਸ ਦਾ ਲੜਕਾ ਗੁਰਵਿੰਦਰ ਸਿੰਘ ਅਤੇ ਉਹ ਖੁਦ ਸੀਤੋ ਰੋਡ ਅਬੋਹਰ ਉਪਰ ਰਾਤ ਕਰੀਬ 10 ਵਜੇ ਟਹਿਲ ਰਹੇ ਸੀ ਤਾਂ ਗੁਰਵਿੰਦਰ ਕੁਵੀਨ ਬਿਊਟੀ ਪਾਰਲਰ ਦੇ ਸਾਹਮਣੇ ਪੌੜੀਆਂ ਉੱਪਰ ਬੈਠ ਗਿਆ ।
ਉਸ ਵਕਤ ਲਾਈਟਾਂ ਜਗ ਰਹੀਆਂ ਸੀ ਅਤੇ ਉਹ ਖੁਦ ਵੀ ਨੇੜੇ ਟਹਿਲ ਰਿਹਾ ਸੀ ।
ਏਨੀ ਦੇਰ ਨੂੰ ਇਕ ਸਫੈਦ ਰੰਗ ਦੀ ਕਾਰ ਇੱਕਦਮ ਆ ਕੇ ਰੁਕੀ । ਇਸ ਵਿੱਚੋਂ ਤਿੰਨ ਅਣਪਛਾਤਿਆਂ ਨੇ ਉਸ ਦੇ ਬੇਟੇ ਉੱਪਰ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਦਕਿ ਚੌਥਾ ਸਟਾਰਟ ਖੜ੍ਹੀ ਕਾਰ ਦੇ ਵਿੱਚ ਹੀ ਬੈਠਾ ਰਿਹਾ ।
ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਹ ਉਸ ਦੇ ਪੁੱਤਰ ਵੱਲ ਦੌੜਿਆ ਤਾਂ ਉਹ ਕਾਰ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ ।
ਲਹੂ ਲੁਹਾਨ ਹੋਏ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ।
ਇਸ ਪੁਲਿਸ ਥਾਣਾ ਸਿਟੀ ਅਬੋਹਰ ਵਿੱਚ ਆਈ ਪੀ ਸੀ ਦੀ ਧਾਰਾ 302 , 34 , 120 ਬੀ , 25 , 27 ,54, 59 ਆਰ ਜੈਕਟ ਅਧੀਨ ਮੁਕੱਦਮਾ ਦਰਜ ਹੋਇਆ ਹੈ