ਪਟਿਆਲਾ, 14 ਸਤੰਬਰ – ਪੰਜਾਬੀ ਯੂਨੀਵਰਸਟੀ ਵਿੱਚ ਅੱਜ ਉਸ ਸਮੇਂ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਯੂਨੀਵਰਸਟੀ ਵਿਚ ਬੀ. ਏ. ਵਿਚ ਪੜ੍ਹਨ ਵਾਲੀ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ। ਜਸ਼ਨਪ੍ਰੀਤ ਕੌਰ ਬਠਿੰਡਾ ਦੀ ਰਹਿਣ ਵਾਲੀ ਸੀ ਅਤੇ ਉਸ ਨੂੰ ਸਾਹ ਲੈਣ ਦੀ ਸਮੱਸਿਆ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਬਹੁਤ ਖ਼ਰਾਬ ਸੀ ਅਤੇ ਰਾਤ 2 ਵਜੇ ਦੇ ਕਰੀਬ ਮੌਤ ਹੋ ਗਈ।
ਜਸ਼ਨਪ੍ਰੀਤ ਕੌਰ ਦੀ ਮੌਤ ਹੋਣ ਤੋਂ ਬਾਅਦ ਭੜਕੇ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਇਲਜਾਮ ਲਗਾਇਆ ਕਿ ਕੁੜੀ ਦੀ ਤਬੀਅਤ ਬਹੁਤ ਜਿਆਦਾ ਖਰਾਬ ਹੋਣ ਦੇ ਬਾਵਜੂਦ ਯੂਨੀਵਰਸਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਨੇ ਉਸਨੂੰ ਛੁਟੀ ਨਹੀਂ ਦਿੱਤੀ ਅਤੇ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ, ਜਿਸ ਕਰਕੇ ਉਸਦੀ ਮੌਤ ਹੋਈ ਹੈ।
ਇਸ ਮੌਕੇ ਪਹਿਲਾਂ ਉਕਤ ਪ੍ਰੋਫ਼ੈਸਰ ਘਿਰਾਓ ਕੀਤਾ ਗਿਆ ਅਤੇ ਫਿਰ ਪੁਲੀਸ ਦੀ ਮੌਜੂਦਗੀ ਵਿਚ ਪ੍ਰੋਫ਼ੈਸਰ ਦੀ ਕੁੱਟਮਾਰ ਕੀਤੀ ਗਈ। ਮੌਕੇ ਤੇ ਪਹੁੰਚੀ ਪੁਲੀਸ ਵਲੋਂ ਜ਼ਖ਼ਮੀ ਪ੍ਰੋਫੈਸਰ ਨੂੰ ਉਥੋਂ ਕੱਢਵਾ ਕੇ ਹਸਪਤਾਲ ਲਿਜਾਇਆ ਗਿਆ।
ਪੰਜਾਬੀ ਯੂਨੀਵਰਸਟੀ ਦੇ ਡਾਇਰੈਕਟਰ ਦਿਲਜੀਤ ਅੰਮੀ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਪ੍ਰੋਫ਼ੈਸਰ ਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਲੜਕੀ ਬੀਮਾਰ ਸੀ ਅਤੇ ਉਸ ਵਿੱਚ ਪ੍ਰੋਫ਼ੈਸਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਬਾਕੀ ਇਸ ਮਾਮਲੇ ਵਿਚ ਜਾਂਚ ਕੀਤੀ ਜਾਵੇਗੀ।