ਐਸ ਏ ਐਸ ਨਗਰ, 14 ਸਤੰਬਰ – ਮੁਹਾਲੀ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵਲੋਂ ਐਕਸ਼ੀਅਨ ਦਫਤਰ ਅੱਗੇ ਐਸਮਾ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਮੌਕੇ ਸੀਨੀਅਰ ਆਗੂਆਂ ਸੁਰਮੁੱਖ ਸਿੰਘ, ਸ਼ਰਨਜੀਤ ਸਿੰਘ, ਸ਼ਿਵ ਮੂਰਤੀ, ਜਸਪਾਲ ਸਿੰਘ ਭੁੱਲਰ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਐਮ ਐਸ ਯੂ, ਰਮੇਸ਼ ਚੰਦ, ਅਮਰੀਕ ਸਿੰਘ ਪੈਨਸ਼ਨਰ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਐਸਮਾ ਲਾ ਕੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਮੁਲਾਜਮਾਂ ਦੀਆਂ ਜਾਇਜ ਮੰਗਾਂ ਮੰਨਣ ਦੀ ਜਗ੍ਹਾ ਸਰਕਾਰ ਐਸਮਾ ਲਾ ਕੇ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਣਾ ਚਾਹੀਦੀ ਹੈ।
ਬੁਲਾਰਿਆਂ ਨੇ ਕਿਹਾ ਪਾਵਰ ਕਾਮ ਦੀ ਮੈਨੇਜਮੈਂਟ ਵੀ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ। ਇਸ ਮੌਕੇ ਮੰਗ ਕੀਤੀ ਗਈ ਕਿ ਪੇ-ਸਕੇਲਾਂ ਦੀਆਂ ਤਰੁਟੀਆਂ ਦੂਰ ਕੀਤੀਆਂ ਜਾਣ ਅਤੇ ਵੱਖ ਵੱਖ ਸੀ ਆਰ ਏ ਅਧੀਨ ਭਰਤੀ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲ ਦੀ ਥਾਂ ਪੰਜਾਬ ਦੇਸਕੇਲ ਲਾਗੂ ਕੀਤੇ ਜਾਣ। ਇਹ ਵੀ ਮੰਗ ਕੀਤੀ ਗਈ ਕਿ ਕੰਟਰੈਕਟ ਤੇ ਭਰਤੀ ਕੀਤੇ ਲਾਇਨਮੈਨਾਂ ਦੇ ਕੰਟਰੈਕਟ ਪੀਰੀਅਡ ਨੂੰ ਰੈਗੂਲਰ ਸਰਵਿਸ ਵਿੱਚ ਜੋੜਿਆ ਜਾਵੇ, ਗਰਿੱਡਾਂ ਤੇ ਹੈਲਪਰ ਤੈਨਾਤ ਕੀਤੇ ਜਾਣ ਅਤੇ ਬਿਜਲੀ ਬੋਰਡ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।