ਨਵੀਂ ਦਿੱਲੀ, 13 ਸਤੰਬਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਹ ਦਾਅਵਾ ਕੀਤਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮਹਿੰਗਾਈ ਸਭ ਤੋਂ ਘੱਟ ਹੈ ਅਤੇ ਮੁਫ਼ਤ ਸਿੱਖਿਆ, ਇਲਾਜ, ਬਿਜਲੀ ਅਤੇ ਪਾਣੀ ਦੀ ਸਪਲਾਈ ਵਰਗੀਆਂ ਯੋਜਨਾਵਾਂ ਨੇ ਇੱਥੇ ਦੇ ਲੋਕਾਂ ਨੂੰ ਬੇਹੱਦ ਰਾਹਤ ਪਹੁੰਚਾਈ ਹੈ। ਬੀਤੇ ਦਿਨੀ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ, ਮੁੱਖ ਰੂਪ ਨਾਲ ਸਬਜ਼ੀਆਂ ਦੀ ਕੀਮਤ ਵਿੱਚ ਨਰਮੀ ਨਾਲ ਪ੍ਰਚੂਨ ਮਹਿੰਗਾਈ ਅਗਸਤ ਤੋਂ ਘੱਟ ਕੇ 6.83 ਫੀਸਦੀ ਤੇ ਆ ਗਈ ਹੈ। ਜੁਲਾਈ ਵਿੱਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਉੱਚੇ ਪੱਧਰ 7.44 ਫੀਸਦੀ ਤੇ ਪਹੁੰਚ ਗਈ ਸੀ। ਹਾਲਾਂਕਿ ਇਹ ਅਜੇ ਵੀ ਭਾਰਤੀ ਰਿਜ਼ਰਵ ਬੈਂਕ ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਹੈ। ਕੇਜਰੀਵਾਲ ਨੇ ਇਕ ਖ਼ਬਰ ਸਾਂਝੀ ਕੀਤੀ ਸੀ ਜਿਸ ਵਿੱਚ ਕੁਝ ਸੂਬਿਆਂ ਵਿੱਚ ਮਹਿੰਗਾਈ ਦੇ ਅੰਕੜਿਆਂ ਦੀ ਤੁਲਨਾ ਰਾਸ਼ਟਰੀ ਔਸਤ ਨਾਲ ਕੀਤੀ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਜਾਰੀ ਕੀਤੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਮੁਫ਼ਤ ਸੇਵਾ ਯੋਜਨਾਵਾਂ ਨੇ ਦਿੱਲੀ ਦੀ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਅਨੁਸਾਰ ਹਰ ਗੱਲ ਦੀ ਤਰ੍ਹਾਂ ਦਿੱਲੀ ਵਿੱਚ ਮਹਿੰਗਾਈ ਸਭ ਤੋਂ ਘੱਟ ਹੈ। ਦਿੱਲੀ ਸਰਕਾਰ ਦੀ ਮੁਫ਼ਤ ਸਿੱਖਿਆ, ਮੁਫ਼ਤ ਇਲਾਜ, ਔਰਤਾਂ ਲਈ ਮੁਫ਼ਤ ਆਵਾਜਾਈ, ਮੁਫ਼ਤ ਬਿਜਲੀ-ਪਾਣੀ, ਮੁਫ਼ਤ ਤੀਰਥ ਯਾਤਰਾ ਨੇ ਲੋਕਾਂ ਨੂੰ ਭਾਰੀ ਰਾਹਤ ਪਹੁੰਚਾਈ ਹੈ।