ਹਨੋਈ, 13 ਸਤੰਬਰ – ਵਿਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਇੱਕ ਨੌ ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ ਇੱਕ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਲਗਭਗ 70 ਵਿਅਕਤੀਆਂ ਨੂੰ ਬਚਾਇਆ ਅਤੇ 54 ਨੂੰ ਹਸਪਤਾਲ ਭੇਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਸਭ ਤੋਂ ਪਹਿਲਾਂ ਥਾਨ ਜ਼ੁਆਨ ਜ਼ਿਲ੍ਹੇ ਦੇ ਖੁਓਂਗ ਦਿਨਹ ਵਾਰਡ ਵਿੱਚ 200 ਵਰਗ ਮੀਟਰ ਤੋਂ ਵੱਧ ਦੇ ਫਰਸ਼ ਖੇਤਰ ਵਾਲੇ ਬਲਾਕ ਦੀ ਪਹਿਲੀ ਮੰਜ਼ਿਲ ਤੇ ਲੱਗੀ, ਜਿੱਥੇ ਲਗਭਗ 150 ਵਿਅਕਤੀ ਰਹਿੰਦੇ ਹਨ। ਦੇਸ਼ ਦੇ ਜਨਰਲ ਸਟੈਟਿਸਟਿਕਸ ਦਫਤਰ ਨੇ ਕਿਹਾ ਕਿ ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ ਵੀਅਤਨਾਮ ਵਿੱਚ 1,286 ਅੱਗ ਅਤੇ ਧਮਾਕੇ ਹੋਏ, ਜਿਸ ਵਿੱਚ 69 ਲੋਕ ਮਾਰੇ ਗਏ, 64 ਹੋਰ ਜ਼ਖਮੀ ਹੋਏ ਅਤੇ ਲਗਭਗ 200.7 ਬਿਲੀਅਨ ਵੀਅਤਨਾਮੀ ਡਾਂਗ (8 ਮਿਲੀਅਨ ਡਾਲਰ) ਦੀ ਜਾਇਦਾਦ ਦਾ ਨੁਕਸਾਨ ਹੋਇਆ। ਬਚਾਅ ਟੀਮਾਂ ਬਚੇ ਵਿਅਕਤੀਆਂ ਦੀ ਭਾਲ ਕਰ ਰਹੀਆਂ ਹਨ। ਇਸ ਇਮਾਰਤ ਤੱਕ ਪਹੁੰਚਣ ਲਈ ਬਚਾਅ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੂੰ ਸੌਂਦੇ ਸਮੇਂ ਧੂੰਏਂ ਦੀ ਬਦਬੂ ਆ ਰਹੀ ਸੀ। ਜਦੋਂ ਉਸ ਨੇ ਬਾਹਰ ਦੇਖਿਆ ਤਾਂ ਅੱਗ ਲੱਗੀ ਹੋਈ ਸੀ। ਪਰਿਵਾਰਕ ਮੈਂਬਰਾਂ ਨੂੰ ਤੁਰੰਤ ਰੱਸੀ ਦੀ ਮਦਦ ਨਾਲ ਹੇਠਾਂ ਲਿਆਂਦਾ ਗਿਆ। ਇਕ ਹੋਰ ਨੇ ਕਿਹਾ ਕਿ ਉਸਨੇ ਪੰਜਵੀਂ ਅਤੇ ਛੇਵੀਂ ਮੰਜ਼ਿਲ ਤੇ ਅੱਗ ਦੀਆਂ ਲਪਟਾਂ ਨੂੰ ਬਲਦੇ ਦੇਖਿਆ। ਲੋਕ ਮਦਦ ਲਈ ਚੀਕ ਰਹੇ ਸਨ। ਇਸ ਸਬੰਧੀ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।